ਹੈਰੋਇਨ ਤੇ ਹੋਰ ਨਸ਼ੀਲੇ ਪ੍ਰਦਾਰਥਾਂ ਸਮੇਤ 5 ਕਾਬੂ

04/09/2020 7:52:24 PM

ਕਪੂਰਥਲਾ, (ਭੂਸ਼ਣ)- ਥਾਣਾ ਕੋਤਵਾਲੀ ਦੀ ਪੁਲਸ ਨੇ ਵੱਖ ਵੱਖ ਜਗਾ 'ਤੇ ਲਗਾਈ ਨਾਕੇਬੰਦੀ ਦੌਰਾਨ ਇਕ ਮਹਿਲਾ ਸਮੇਤ 5 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ 'ਚ ਹੈਰੋਇਨ, ਨਸ਼ੀਲਾ ਪਦਾਰਥ ਤੇ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਐੱਸ.ਐੱਸ.ਪੀ ਕਪੂਰਥਲਾ ਸਤਿੰਦਰ ਸਿੰਘ ਦੇ ਹੁਕਮਾਂ 'ਤੇ ਚੱਲ ਰਹੀ ਡਰੱਗ ਵਿਰੋਧੀ ਮੁਹਿੰਮ ਤਹਿਤ ਐੱਸ.ਐੱਚ.ਓ ਕੋਤਵਾਲੀ ਇੰਸ: ਨਵਦੀਪ ਸਿੰਘ ਨੇ ਪੁਲਸ ਟੀਮ ਨਾਲ ਪਿੰਡ ਭੀਲਾ ਦੇ ਨਜਦੀਕ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਤੇ ਉਸਦੇ ਪਿੱਛੇ ਬੈਠੀ ਔਰਤ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸਨੇ ਭੱਜਣ ਦੀ ਕੋਸਿਸ਼ ਕੀਤੀ ਪ੍ਰੰਤੂ ਪੁਲਸ ਨੇ ਪਿੱਛਾ ਕਰਕੇ ਦੋਹਾਂ ਮੁਲਜਮਾਂ ਨੂੰ ਕਾਬੂ ਕਰ ਲਿਆ, ਜਦੋਂ ਮਹਿਲਾ ਪੁਲਸ ਦੀ ਮਦਦ ਨਾਲ ਉਕਤ ਮੁਲਜਮ ਤੇ ਔਰਤ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਬਰਾਮਦ ਲਿਫਾਫੇ 'ਚੋਂ 20 ਗ੍ਰਾਮ ਹੈਰੋਇਨ ਤੇ 50 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਗ੍ਰਿਫਤਾਰ ਮੁਲਜਮਾਂ ਨੇ ਆਪਣਾ ਨਾਮ ਹਰਜਿੰਦਰ ਸਿੰਘ ਉਰਫ ਕਿੰਦਰ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਬਿਟਲਾ ਝੁੱਗੀਆਂ ਜ਼ਿਲਾ ਜਲੰਧਰ ਤੇ ਬਲਵਿੰਦਰ ਕੌਰ ਪਤਨੀ ਸਵਰਨ ਸਿੰਘ ਵਾਸੀ ਪਿੰਡ ਬੂਟ ਥਾਣਾ ਕੋਤਵਾਲੀ ਕਪੂਰਥਲਾ ਦੱਸਿਆ। ਮੁਲਜਮਾਂ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਡਰੱਗ ਵੇਚਣ ਦਾ ਧੰਦਾ ਕਰਦੇ ਹਨ ਤੇ ਬਰਾਮਦ ਡਰੱਗ ਖਾਸ ਵਿਅਕਤੀਆਂ ਨੂੰ ਦੇਣ ਜਾ ਰਹੇ ਸਨ, ਉਥੇ ਹੀ ਥਾਣਾ ਕੋਤਵਾਲੀ ਪੁਲਸ ਨੇ ਪਿੰਡ ਨਵਾਂ ਪਿੰਡ ਭੱਠੇ ਨਜਦੀਕ ਨਾਕੇਬੰਦੀ ਦੌਰਾਨ ਜਦੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸੀ ਲਈ ਤਾਂ ਉਨ੍ਹਾਂ ਪਾਸੋਂ 200 ਨਸ਼ੀਲੀਆਂ ਗੋਲੀਆਂ ਤੇ 100 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਦੋਹਾਂ ਮੁਲਜਮਾਂ ਨੇ ਆਪਣਾ ਨਾਮ ਗੁਰਬਚਨ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਗੁਰਬਚਨ ਸਿੰਘ ਨਿਵਾਸੀ ਨਵਾਂ ਪਿੰਡ ਭੱਠੇ ਥਾਣਾ ਕੋਤਵਾਲੀ ਕਪੂਰਥਲਾ ਦੱਸਿਆ। ਉਥੇ ਹੀ ਥਾਣਾ ਕੋਤਵਾਲੀ ਦੀ ਪੁਲਸ ਨੇ ਕਾਂਜਲੀ ਦੇ ਨਜਦੀਕ ਨਾਕੇਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋਂ 60 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਗ੍ਰਿਫਤਾਰ ਮੁਲਜਮ ਨੇ ਆਪਣਾ ਨਾਮ ਸਤਨਾਮ ਸਿੰਘ ਉਰਫ ਸ਼ਾਮਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬੂਟ ਦੱਸਿਆ। 5 ਮੁਲਜਮਾਂ ਕੋਲੋਂ ਪੁੱਛÎਗਿੱਛ ਦਾ ਦੌਰ ਜਾਰੀ ਹੈ।


Bharat Thapa

Content Editor

Related News