ਕਾਰ ਸਵਾਰ 2 ਵਿਅਕਤੀ 15 ਪੇਟੀਆਂ ਸ਼ਰਾਬ ਸਮੇਤ ਗ੍ਰਿਫ਼ਤਾਰ

Friday, Oct 11, 2024 - 06:31 PM (IST)

ਨੂਰਪੁਰਬੇਦੀ (ਸੰਜੀਵ ਭੰਡਾਰੀ)- ਪੰਚਾਇਤੀ ਚੋਣਾਂ ’ਚ ਪੈਸਾ, ਤਾਕਤ ਅਤੇ ਸ਼ਰਾਬ ਦੇ ਰੁਝਾਨ ਨੂੰ ਰੋਕਣ ਲਈ ਮੁਸਤੈਦ ਹੋਈ ਨੂਰਪੁਰਬੇਦੀ ਥਾਣੇ ਅਧੀਨ ਪੈਂਦੀ ਚੌਂਕੀ ਕਲਵਾਂ ਦੀ ਪੁਲਸ ਨੇ ਦੇਰ ਰਾਤ ਨਾਕੇਬੰਦੀ ਦੌਰਾਨ 2 ਕਾਰ ਸਵਾਰ ਵਿਅਕਤੀਆਂ ਨੂੰ 15 ਪੇਟੀਆਂ ਨਾਜਾਇਜ਼ ਸ਼ਰਾਬ ਸਹਿਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਨੂਰਪੁਰਬੇਦੀ ਇੰਸ. ਗੁਰਵਿੰਦਰ ਸਿੰਘ ਢਿੱਲੋਂ ਤੇ ਚੌਕੀ ਕਲਵਾਂ ਦੇ ਇੰਚਾਰਜ ਏ. ਐੱਸ. ਆਈ. ਸਮਰਜੀਤ ਸਿੰਘ ਨੇ ਦਰਜ ਕੀਤੇ ਗਏ ਮਾਮਲੇ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਰਾਤ ਲੱਗਭਗ ਢਾਈ ਵਜੇ ਏ. ਐੱਸ. ਆਈ. ਰਾਮ ਕੁਮਾਰ ਪੁਲਸ ਪਾਰਟੀ ’ਚ ਸ਼ਾਮਲ ਪੀ. ਐੱਚ. ਜੀ. ਸੁਰਿੰਦਰ ਸਿੰਘ ਅਤੇ ਅਮਰੀਕ ਸਿੰਘ ਨਾਲ ਟੀ-ਪੁਆਇੰਟ ਪਿੰਡ ਕਲਵਾਂ ਵਿਖੇ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਲਈ ਮੌਜੂਦ ਸਨ।

ਇਹ ਵੀ ਪੜ੍ਹੋ- ਫਗਵਾੜਾ ਥਾਣੇ ਦਾ SHO ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ 

ਇਸ ਦੌਰਾਨ ਮੁਖਬਰ ਖਾਸ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ 2 ਕਾਰ ਸਵਾਰ ਵਿਅਕਤੀ ਹਿਮਾਚਲ ਪ੍ਰਦੇਸ਼ ਤੋਂ ਸਸਤੀ ਸ਼ਰਾਬ ਲਿਆ ਕੇ ਸ੍ਰੀ ਅਨੰਦਪੁਰ ਸਾਹਿਬ ਵਾਲੇ ਪਾਸਿਓਂ ਪਿੰਡ ਕਲਵਾਂ ਨੂੰ ਜਾ ਰਹੇ ਹਨ। ਸੂਚਨਾ ’ਤੇ ਕਾਰਵਾਈ ਕਰਦਿਆਂ ਏ. ਐੱਸ. ਆਈ. ਰਾਮ ਕੁਮਾਰ ’ਤੇ ਆਧਾਰਿਤ ਪੁਲਸ ਪਾਰਟੀ ਨੇ ਤੜਕੇ ਕਰੀਬ 4 ਵਜੇ ਮੁੱਖ ਮਾਰਗ ’ਤੇ ਸਥਿਤ ਪਿੰਡ ਸੰਗਤ ਦੇ ਮੋੜ ਲਾਗੇ ਨਾਕਾਬੰਦੀ ਕਰਕੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਆ ਰਹੀ ਚਿੱਟੇ ਰੰਗ ਦੀ ਔਰਾ ਮਾਰਕਾ ਕਾਰ (ਨੰਬਰ ਐੱਚ. ਪੀ.-72-ਸੀ 8251) ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਵੱਲੋਂ ਕਾਰ ਨੂੰ ਭਜਾਉਣ ਦਾ ਯਤਨ ਕੀਤਾ ਗਿਆ। ਜਿਸ ਨੂੰ ਸਾਥੀ ਪੁਲਸ ਮੁਲਾਜ਼ਮਾਂ ਦੀ ਸਹਾਇਤਾ ਨਾਲ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ- 9 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਭਿਆਨਕ ਹਾਦਸੇ 'ਚ ਮੌਤ, ਕੈਨੇਡਾ ਜਾਣ ਦੀ ਸੀ ਤਿਆਰੀ

ਜਦੋਂ ਪੁਲਸ ਮੁਲਾਜ਼ਮਾਂ ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੀ ਪਿਛਲੀ ਸੀਟ ਤੋਂ 5 ਅਤੇ ਡਿੱਗੀ ’ਚ ਰੱਖੀਆਂ 10 ਪੇਟੀਆਂ ਸਮੇਤ ਕੁੱਲ੍ਹ 15 ਪੇਟੀਆਂ ਨਾਜਾਇਜ਼ ਸ਼ਰਾਬ (180 ਬੋਤਲਾਂ) ਮਾਰਕਾ ਐਪੀਸੋਡ ਕਲਾਸਿਕ ਵ੍ਹਿਸਕੀ ਫਾਰ ਸੇਲ ਇਨ ਹਿਮਾਚਲ ਪ੍ਰਦੇਸ਼ ਬਰਾਮਦ ਹੋਈਆਂ। ਜਿਸ ਸਬੰਧੀ ਕਾਰ ਚਾਲਕ ਰਾਮ ਕੁਮਾਰ ਉਰਫ਼ ਰਾਮੂ ਪੁੱਤਰ ਰਸ਼ਪਾਲ ਸਿੰਘ ਨਿਵਾਸੀ ਪਿੰਡ ਬਨਗੜ੍ਹ, ਥਾਣਾ ਮਹਿਤਪੁਰ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਅਤੇ ਨਾਲ ਦੀ ਸੀਟ ’ਤੇ ਬੈਠਾ ਉਸ ਦਾ ਦੂਸਰਾ ਸਾਥੀ ਹਰਬੀਰ ਸਿੰਘ ਉਰਫ਼ ਬਾਟੂ ਪੁੱਤਰ ਮਹਿੰਦਰ ਸਿੰਘ, ਨਿਵਾਸੀ ਪਿੰਡ ਦੇਹਲਾ, ਥਾਣਾ ਮਹਿਤਪੁਰ, ਜ਼ਿਲ੍ਹਾ ਊਨਾ ਕਿਸੇ ਵੀ ਤਰ੍ਹਾਂ ਦਾ ਪਰਮਿਟ ਜਾਂ ਲਾਇਸੰਸ ਪੇਸ਼ ਨਹੀਂ ਕਰ ਸਕੇ। ਪੁਲਸ ਨੇ ਕਾਬੂ ਕੀਤੇ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅੱਜ ਬਾਅਦ ਦੁਪਹਿਰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ 12 ਅਕਤੂਬਰ ਤੱਕ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦਾ ਆਦੇਸ਼ ਦਿੱਤਾ।

ਇਹ ਵੀ ਪੜ੍ਹੋ- ਨਿੱਜੀ ਹਸਪਤਾਲ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖਿਆ, ਸੌਰੀ ਡੈਡੀ ਮੈਂ ...
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News