210 ਗ੍ਰਾਮ ਹੈਰੋਇਨ, ਨਸ਼ੀਆਂ ਗੋਲ਼ੀਆਂ ਤੇ 1 ਲੱਖ ਰੁਪਏ ਦੀ ਡਰੱਗ ਮਨੀ ਸਣੇ 2 ਵਿਅਕਤੀ ਗ੍ਰਿਫ਼ਤਾਰ
Sunday, Jul 07, 2024 - 06:26 PM (IST)
ਗੜ੍ਹਸ਼ੰਕਰ (ਭਾਰਦਵਾਜ)- ਥਾਣਾ ਗੜ੍ਹਸ਼ੰਕਰ ਪੁਲਸ ਨੇ ਔਰਤ ਸਮੇਤ ਦੋ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 210 ਗ੍ਰਾਮ ਹੈਰੋਇਨ, 90 ਨਸ਼ੇ ਦੀਆਂ ਗੋਲ਼ੀਆਂ, 12 ਟੀਕੇ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਐੱਚ. ਓ. ਗੜ੍ਹਸ਼ੰਕਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਹੁਸ਼ਿਆਰਪੁਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਐੱਸ. ਪੀ. ਮੇਜਰ ਸਿੰਘ ਅਤੇ ਡੀ. ਐੱਸ. ਪੀ. ਗੜ੍ਹਸੰਕਰ ਪਰਮਿੰਦਰ ਸਿੰਘ ਦੀ ਦੇਖਰੇਖ ਹੇਠ ਜਾਰੀ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਹਾਸਲ ਹੋਈ।
ਜਦੋਂ ਗਸ਼ਤ ਦੌਰਾਨ ਪਿੰਡ ਡੇਰੋਂ- ਗੜ੍ਹਸ਼ੰਕਰ ਰੋਡ 'ਤੇ ਅਜਿਲ ਕੁਮਾਰ ਉਰਫ਼ ਭੀਰੀ ਪੁੱਤਰ ਬਲਵਿੰਦਰ ਕੁਮਾਰ ਵਾਰਡ ਨੰਬਰ 7 ਗੜ੍ਹਸ਼ੰਕਰ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 210 ਗ੍ਰਾਮ ਹੈਰੋਇਨ, 90 ਨਸ਼ੇ ਦੀਆਂ ਗੋਲ਼ੀਆਂ, 1 ਲੱਖ ਰੁਪਏ ਦੀ ਡਰੱਗ ਮਨੀ, 1 ਆਈਫੋਨ ਅਤੇ ਬੁਲ੍ਹੇਟ ਮੋਟਰਸਾਈਕਲ ਨੰਬਰ ਪੀ. ਬੀ 07-ਬੀ. ਐੱਸ-2494 ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਰਾਜਵਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਭੰਮੀਆਂ ਪਾਸੋਂ 12 ਨਸ਼ੇ ਦੇ ਟੀਕੇ ਅਤੇ ਇਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ ਥਾਣਾ ਗੜ੍ਹਸ਼ੰਕਰ ਵਿਖੇ 22-61-85 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।