ਨੂਰਪੁਰ ਬੇਦੀ ਨੇੜੇ ਸਵਾਂ ਨਦੀਂ 'ਚ ਡੁੱਬਿਆ ਟਿੱਪਰ, ਦੋ ਲੋਕਾਂ ਦੀ ਮੌਤ

12/25/2019 6:01:08 PM

ਨੂਰਪੁਰ ਬੇਦੀ (ਕੁਲਦੀਪ,ਕੌਸ਼ਲ, ਭੰਡਾਰੀ)— ਨੂਰਪੁਰ ਬੇਦੀ ਦੇ ਪਿੰਡ ਪਲਾਟਾ ਨੇੜੇ ਗੁਜ਼ਰਦੀ ਸਵਾਂ ਨਦੀ 'ਚ ਇਕ ਟਿੱਪਰ ਦੇ ਡੁੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਵਾਂ ਨਦੀ 'ਚ ਮਾਈਨਿੰਗ ਮਾਫੀਆ ਵੱਲੋਂ ਪਾਏ ਡੂੰਘੇ ਖੱਡਿਆਂ 'ਚ ਇਹ ਟਿੱਪਰ ਡੁੱਬ ਗਿਆ। ਮ੍ਰਿਤਕ ਟਿੱਪਰ ਚਾਲਕ ਦੀ ਪਛਾਣ ਸਤਨਾਮ ਸਿੰਘ (21) ਪੁੱਤਰ ਕਸ਼ਮੀਰ ਸਿੰਘ ਨਿਵਾਸੀ ਪਿੰਡ ਭੱਲੜੀ ਦੇ ਰੂਪ 'ਚ ਹੋਈ ਹੈ। ਉਥੇ ਹੀ ਦੂਜਾ ਵਿਅਕਤੀ ਨੇਪਾਲੀ ਮਜ਼ਦੂਰ ਦੱਸਿਆ ਜਾ ਰਿਹਾ ਹੈ, ਜੋਕਿ ਉਹ ਵੀ ਇਸ ਹਾਦਸੇ 'ਚ ਮਾਰਿਆ ਗਿਆ।

ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਕਸ਼ਮੀਰ ਸਿੰਘ (22) ਵਾਸੀ ਪਿੰਡ ਭੱਲੜੀ ਅਤੇ ਇਕ ਹੋਰ ਨੌਜਵਾਨ ਰਾਤ ਸਮੇਂ ਟਿੱਪਰ ਸਵਾਂ ਨਦੀ 'ਚੋਂ ਲੈ ਕੇ ਗਿਆ ਤਾਂ ਡੂੰਘੇ ਟੋਏ 'ਚ ਉਸ ਦਾ ਟਿੱਪਰ ਡਿੱਗ ਗਿਆ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ। ਇਹ ਟੋਇਆ ਇੰਨਾ ਡੂੰਘਾ ਸੀ ਉਸ 'ਚ ਡਿੱਗਿਆ ਟਿੱਪਰ ਦਿਖਾਈ ਨਹੀਂ ਦਿੱਤਾ, ਮੌਕੇ 'ਤੇ ਪਹੁੰਚੀ ਨੰਗਲ ਪੁਲਸ ਦੀ ਟੀਮ ਨੇ ਗੋਤਾਖੋਰਾਂ ਦੀ ਸਹਾਇਤਾ ਨਾਲ ਖਬਰ ਲਿਖੇ ਜਾਣ ਤੱਕ ਟਿੱਪਰ ਅਤੇ ਇਕ ਲਾਸ਼ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਸੀ। ਇਸ ਮੌਕੇ ਵੱਡੀ ਗਿਣਤੀ 'ਚ ਇਕੱਠੇ ਹੋਏ ਵੱਖ-ਵੱਖ ਪਿੰਡਾਂ ਦੇ ਮੋਹਤਬਰ ਪਤਵੰਤਿਆਂ ਨੇ ਦੱਸਿਆ ਕਿ ਲਗਾਤਾਰ ਇਨ੍ਹਾਂ ਮਾਈਨਿੰਗ ਦੇ ਟੋਇਆਂ 'ਚ ਸਾਡੇ ਪਿੰਡਾਂ ਦੀਆਂ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਪ੍ਰਸ਼ਾਸਨ ਇਸ ਬਾਰੇ ਬਿਲਕੁਲ ਚੁੱਪ ਧਾਰੀ ਬੈਠਾ ਹੋਇਆ ਹੈ ਜੋ ਅਤਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਸਾਡੇ ਇਲਾਕੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਬੰਦ ਕਰਵਾ ਕੇ ਜਿਨ੍ਹਾਂ ਟੋਇਆਂ 'ਚ ਕੀਮਤੀ ਜਾਨਾਂ ਗਈਆਂ ਹਨ ਉਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਮਾਲਕਾਂ ਅਤੇ ਮਾਫੀਏ ਵਿਰੁੱਧ ਧਾਰਾ 302 ਦਾ ਪਰਚਾ ਦਰਜ ਕੀਤਾ ਜਾਵੇ ਅਤੇ ਜਿਨ੍ਹਾਂ ਘਰਾਂ ਦੇ ਚਿਰਾਗ ਮਾਈਨਿੰਗ ਕਾਰਣ ਬੁਝੇ ਹਨ ਉਨ੍ਹਾਂ ਪਰਿਵਾਰਾਂ ਨੂੰ ਮੁਆਵਜ਼ੇ ਸਮੇਤ ਸਰਕਾਰੀ ਨੌਕਰੀ ਦਿੱਤੀ ਜਾਵੇ।

ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਵਾਂਗਾ : ਐੱਸ. ਡੀ. ਓ.
ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐੱਸ. ਡੀ. ਓ. ਗੁਰਜੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਮਾਈਨਿੰਗ ਤਾਂ ਬਿਲਕੁੱਲ ਬੰਦ ਹੈ ਪਰ ਮੈਂ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਵਾਂਗਾ ਅਤੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਕੀ ਕਹਿਣੈ ਡੀ. ਸੀ. ਦਾ
ਜਦੋਂ ਇਸ ਬਾਰੇ ਡੀ. ਸੀ. ਰੂਪਨਗਰ ਸੁਮਿਤ ਜਾਰੰਗਲ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਅੱਜ ਛੁੱਟੀ 'ਤੇ ਹਾਂ ਤੁਸੀਂ ਏ. ਡੀ. ਸੀ. ਮੈਡਮ ਨਾਲ ਇਸ ਬਾਰੇ ਗੱਲ ਕਰੋ।


shivani attri

Content Editor

Related News