ਨਸ਼ੇ ਵਾਲੇ ਪਦਾਰਥਾਂ ਸਮੇਤ 2 ਗ੍ਰਿਫਤਾਰ

12/26/2018 5:31:51 AM

ਸੁਲਤਾਨਪੁਰ ਲੋਧੀ,   (ਧੀਰ)-  ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਹੈਰੋਇਨ ਤੇ ਨਸ਼ੇ ਵਾਲੀਆਂ ਗੋਲੀਆਂ, ਟੀਕੇ ਸਮੇਤ ਵੱਖ-ਵੱਖ ਮਾਮਲਿਆਂ ’ਚ ਦੋ ਵਿਅਕਤੀਅਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। 
ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਲਖਬੀਰ ਸਿੰਘ, ਐੱਚ.ਸੀ. ਜੋਗਿੰਦਰ ਸਿੰਘ, ਐੱਚ. ਸੀ. ਜਸਵਿੰਦਰ ਸਿੰਘ ਆਦਿ ਪੁਲਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਬਸਤੀ ਚੰਡੀਗਡ਼੍ਹ ਤੋਂ ਡੱਲਾ ਭੌਰ ਆਦਿ ਪਿੰਡਾਂ ਨੂੰ ਜਾ ਰਹੇ ਸਨ ਤਾਂ ਟੀ ਪੁਆਇੰਟ ’ਤੇ ਡੌਲਾ ਸਾਹਿਬ ਤੋਂ ਇਕ ਨੌਜਵਾਨ ਨੂੰ ਪੈਦਲ ਆਉਂਦੇ ਦੇਖਿਆ ਜਿਸ ਨੇ ਪੁਲਸ ਨੂੰ ਦੇਖਦਿਆਂ ਡਰ ਦੇ ਮਾਰੇ ਆਪਣੀ ਜੇਬ ’ਚੋਂ ਲਿਫਾਫਾ ਬਾਹਰ ਕੱਢ ਕੇ ਸੁੱਟ ਦਿੱਤਾ ਤੇ ਆਪ ਦੌਡ਼ਨ ਲੱਗਾ ਜਿਸਨੂੰ ਏ. ਐੱਸ. ਆਈ. ਨੇ ਪੁਲਸ ਕਰਮਚਾਰੀਅਾਂ ਦੀ ਮਦਦ ਨਾਲ ਕਾਬੂ ਕੀਤਾ। ਫੜ੍ਹੇ ਵਿਅਕਤੀ ਦੀ ਪਹਿਚਾਣ ਨੀਰਜ ਸ਼ਰਮਾ ਪੁੱਤਰ ਰਜਿੰਦਰ ਸ਼ਰਮਾ ਵਾਸੀ ਨਕੋਦਰ ਵਜੋਂ ਹੋਈ ਹੈ। ਪੁਲਸ ਵਲੋਂ ਨੀਰਜ ਵਲੋਂ ਸੁੱਟੇ ਹੋਏ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ’ਚੋਂ 100 ਨਸ਼ੇ ਵਾਲੀਆਂ ਗੋਲੀਆਂ ਤੇ 6 ਨਸ਼ੇ ਦੇ ਟੀਕੇ  ਬਰਾਮਦ ਹੋਏ। 
ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਏ. ਐੱਸ. ਆਈ. ਗੁਰਦੀਪ ਸਿੰਘ, ਏ. ਐੱਸ. ਆਈ. ਸ਼ੰਕਰ ਸਿੰਘ, ਐੱਚ. ਸੀ. ਬਲਵੰਤ ਸਿੰਘ ਆਦਿ ਪੁਲਸ ਪਾਰਟੀ ਦੇ ਨਾਲ ਗਸ਼ਤ ਕਰਦੇ ਹੋਏ ਮੋਠਾਂਵਾਲ ਤੋਂ ਲਾਟੀਆਂਵਾਲ, ਅਹਿਮਦਪੁਰ ਨੂੰ ਜਾ ਰਹੇ ਸਨ ਤਾਂ ਪਿੰਡ ਅਹਿਮਦਪੁਰ ਸਾਈਡ ਤੋਂ ਇਕ ਵਿਅਕਤੀ ਨੂੰ ਪੈਦਲ ਆਉਂਦੇ ਦੇਖ ਉਸਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤੇ ਨਾਮ ਪਤਾ ਪੁੱਛਣ ’ਤੇ ਉਸਨੇ ਆਪਣਾ ਨਾਮ ਰੂਪ ਸਿੰਘ ਪੁੱਤਰ ਫੂਲਾ ਸਿੰਘ ਵਾਸੀ ਲਾਟੀਆਂਵਾਲ ਦੱਸਿਆ।  ਪੁਲਸ  ਵਲੋਂ   ਉਸ ਪਾਸੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵਾਂ ਮੁਲਜ਼ਮਾਂ ਖਿਲਾਫ ਪੁਲਸ ਵਲੋਂ ਵੱਖ-ਵੱਖ ਮਾਮਲੇ ਦਰਜ ਕਰ ਲਏ ਗਏ ਹਨ। 


Related News