ਅਯੁੱਧਿਆ ’ਚੋਂ ਕਿਡਨੈਪ 15 ਸਾਲਾ ਬੱਚੀ ਜਲੰਧਰ ਦੇ ਧਾਰਮਿਕ ਅਸਥਾਨ ਤੋਂ ਮਿਲੀ, 30 ਕਿਲੋਮੀਟਰ ਤੱਕ ਚਲਾਇਆ ਸਾਈਕਲ

Tuesday, Aug 27, 2024 - 12:21 PM (IST)

ਜਲੰਧਰ (ਵਰੁਣ)–3 ਦਿਨ ਪਹਿਲਾਂ ਅਯੁੱਧਿਆ ਵਿਚੋਂ ਸ਼ੱਕੀ ਹਾਲਾਤ ਵਿਚ ਕਿਡਨੈਪ ਹੋਈ 15 ਸਾਲਾ ਬੱਚੀ ਨੂੰ ਦੋਆਬਾ ਚੌਂਕ ਨਜ਼ਦੀਕ ਸਥਿਤ ਇਕ ਧਾਰਮਿਕ ਅਸਥਾਨ ਤੋਂ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ। ਜਿਉਂ ਹੀ ਧਾਰਮਿਕ ਅਸਥਾਨ ਵਿਚ ਬਣੀ ਚੌਂਕੀ ਦੀ ਪੁਲਸ ਨੇ ਉਸ ਨੂੰ ਰੋਂਦਿਆਂ ਵੇਖਿਆ ਤਾਂ ਪੁੱਛਗਿੱਛ ਕਰਨ ’ਤੇ ਸਾਰੀ ਸੱਚਾਈ ਜਾਣ ਕੇ ਨਾਬਾਲਗਾ ਦੇ ਪਿਤਾ ਨੂੰ ਸੂਚਿਤ ਕੀਤਾ।

ਚੌਂਕੀ ਇੰਚਾਰਜ ਇੰਸ. ਸੋਢੀ ਲਾਲ ਨੇ ਦੱਸਿਆ ਕਿ ਉਹ ਸੁਰੱਖਿਆ ਦਾ ਜਾਇਜ਼ਾ ਲੈਂਦੇ ਹੋਏ ਧਾਰਮਿਕ ਅਸਥਾਨ ਦੇ ਕੰਪਲੈਕਸ ਵਿਚ ਘੁੰਮ ਰਹੇ ਸਨ। ਇਸੇ ਦੌਰਾਨ 15 ਸਾਲਾ ਇਕ ਬੱਚੀ ਨੂੰ ਉਨ੍ਹਾਂ ਰੋਂਦਿਆਂ ਵੇਖਿਆ। ਕਾਫ਼ੀ ਪੁੱਛਣ ’ਤੇ ਵੀ ਬੱਚੀ ਨੇ ਕੁਝ ਨਹੀਂ ਦੱਸਿਆ ਅਤੇ ਜਦੋਂ ਮਹਿਲਾ ਪੁਲਸ ਕਰਮਚਾਰੀ ਨੂੰ ਨਾਲ ਲੈ ਕੇ ਪੁੱਛਗਿੱਛ ਕੀਤੀ ਤਾਂ ਬੱਚੀ ਨੇ ਦੱਸਿਆ ਕਿ ਉਹ ਅਯੁੱਧਿਆ ਦੀ ਰਹਿਣ ਵਾਲੀ ਹੈ। 22 ਅਗਸਤ ਨੂੰ ਉਹ ਸਕੂਲ ਲਈ ਘਰੋਂ ਚੱਲੀ ਸੀ ਪਰ ਸਕੂਲ ਨਹੀਂ ਗਈ। ਅਯੁੱਧਿਆ ਤੋਂ 30 ਕਿਲੋਮੀਟਰ ਤਕ ਉਹ ਜਲੰਧਰ ਵੱਲ ਸਾਈਕਲ ਚਲਾਉਂਦੀ ਆਈ ਅਤੇ ਬਾਅਦ ਵਿਚ ਟਰੇਨ ਫੜ ਕੇ ਜਲੰਧਰ ਪਹੁੰਚ ਗਈ ਅਤੇ ਸੋਮਵਾਰ ਨੂੰ ਧਾਰਮਿਕ ਅਸਥਾਨ ’ਤੇ ਆ ਗਈ।

ਇਹ ਵੀ ਪੜ੍ਹੋ- ਪਾਕਿ ਵੱਲੋਂ ਭੇਜੇ ਜਾ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਵੱਡੀ ਤਿਆਰੀ 'ਚ BSF

ਪੁਲਸ ਨੇ ਬੱਚੀ ਦੇ ਪਿਤਾ ਦਾ ਮੋਬਾਇਲ ਨੰਬਰ ਲੈ ਕੇ ਉਨ੍ਹਾਂ ਨਾਲ ਸੰਪਰਕ ਕੀਤਾ, ਉਹ ਉਦੋਂ ਅਯੁੱਧਿਆ ਦੇ ਪੁਲਸ ਥਾਣਾ ਪੂਰਾ ਕਲੰਦਰਾ ਵਿਚ ਸਨ। ਉਨ੍ਹਾਂ ਉਥੋਂ ਦੀ ਪੁਲਸ ਨਾਲ ਵੀ ਗੱਲ ਕਰਵਾਈ, ਜਿਸ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲਾਪਤਾ ਹੋਣ ’ਤੇ ਅਗਵਾ ਦੇ ਦੋਸ਼ ਲਾ ਕੇ ਐੱਫ਼. ਆਈ. ਆਰ. ਨੰਬਰ 312 ਕਟਵਾਈ ਹੋਈ ਸੀ। ਅਯੁੱਧਿਆ ਪੁਲਸ ਤੁਰੰਤ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਜਲੰਧਰ ਪਹੁੰਚ ਗਈ।

ਧਾਰਮਿਕ ਅਸਥਾਨ ਦੀ ਚੌਂਕੀ ਦੀ ਪੁਲਸ ਨੇ ਵੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ। ਮਾਮਲਾ ਨਾਬਾਲਗ ਬੱਚੀ ਦਾ ਹੋਣ ਕਾਰਨ ਏ. ਸੀ. ਪੀ. ਨਾਰਥ ਸ਼ੀਤਲ ਸਿੰਘ ਅਤੇ ਥਾਣਾ ਨੰਬਰ 8 ਦੇ ਇੰਚਾਰਜ ਗੁਰਮੁੱਖ ਸਿੰਘ ਵੀ ਪਹੁੰਚ ਗਏ ਸਨ। ਜਿਉਂ ਹੀ ਅਯੁੱਧਿਆ ਪੁਲਸ ਧਾਰਮਿਕ ਅਸਥਾਨ ’ਤੇ ਪੁੱਜੀ ਤਾਂ ਬੱਚੀ ਨੂੰ ਸਹੀ ਸਲਾਮਤ ਉਸ ਦੇ ਹਵਾਲੇ ਕਰ ਦਿੱਤਾ ਗਿਆ। ਚੌਂਕੀ ਇੰਚਾਰਜ ਸੋਢੀ ਲਾਲ ਨੇ ਦੱਸਿਆ ਕਿ ਬੱਚੀ ਸਕੂਲ ਦੀ ਡਰੈੱਸ ਵਿਚ ਹੀ ਸੀ ਅਤੇ ਉਸ ਕੋਲ ਕਿਤਾਬਾਂ ਵੀ ਸਨ।

ਇਹ ਵੀ ਪੜ੍ਹੋ- ਜਜ਼ਬੇ ਨੂੰ ਸਲਾਮ, ਪੰਜਾਬ ਦੇ 5 ਸਾਲਾ ਤੇਗਬੀਰ ਸਿੰਘ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਪਹਾੜ੍ਹੀ ਕੀਤੀ ਫਤਿਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News