ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਅੱਖਾਂ ਖੁੱਲ੍ਹੀਆਂ ਰੱਖਣ ਦੀ ਲੋੜ : ਅਨੁਰਾਗ ਠਾਕੁਰ

11/11/2019 12:36:34 PM

ਜਲੰਧਰ (ਸੁਨੀਲ ਧਵਨ, ਜਤਿੰਦਰ ਚੋਪੜਾ)— ਪੰਜਾਬ ਕੇਸਰੀ ਗਰੁੱਪ ਵੱਲੋਂ ਐਤਵਾਰ ਨੂੰ 116ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ 'ਚ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ , ਸੰਸਦ ਮੈਂਬਰ ਮਨੀਸ਼ ਤਿਵਾੜੀ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਮੇਤ ਕਈ ਮਹਾਨ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ ਪੰਜਾਬ ਨਾਲ ਹੀ ਜੁੜੀ ਹੋਈ ਨਹੀਂ ਹੈ ਸਗੋਂ ਹਿਮਾਚਲ 'ਚ ਵੀ ਨਸ਼ੇ ਆਪਣੇ ਪੈਰ ਪਸਾਰ ਰਹੇ ਹਨ, ਇਸ ਲਈ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸਾਨੂੰ ਆਪਣੀਆਂ ਅੱਖਾਂ ਖੁੱਲ੍ਹਣੀਆਂ ਰੱਖਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਸਾਰੀਆਂ ਸਬੰਧਤ ਸੂਬਾ ਸਰਕਾਰਾਂ ਨੂੰ ਨਸ਼ਿਆਂ ਵਿਰੁੱਧ ਮਿਲ ਕੇ ਮੁਹਿੰਮ ਚਲਾਉਣੀ ਪਵੇਗੀ।
ਅਨੁਰਾਗ ਠਾਕੁਰ ਨੇ ਕਿਹਾ ਕਿ 9 ਨਵੰਬਰ ਦਾ ਦਿਨ ਦੇਸ਼ ਦੇ ਇਤਿਹਾਸ ਲਈ ਕਾਫੀ ਇਤਿਹਾਸਕ ਰਿਹਾ। ਇਸ ਦਿਨ ਜਿਥੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹਿਆ ਗਿਆ ਹੈ, ਉਥੇ ਦੂਜੇ ਪਾਸੇ ਅਯੁੱਧਿਆ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ ਆਇਆ ਜਿਸ ਨਾਲ ਭਾਰਤ ਦੀ ਨੀਂਹ ਹੋਰ ਮਜ਼ਬੂਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਅਯੁੱਧਿਆ ਸਬੰਧੀ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਨਾਲ ਦੇਸ਼ ਹੋਰ ਮਜ਼ਬੂਤ ਹੋ ਕੇ ਉਭਰੇਗਾ ਤੇ ਭਾਰਤ 'ਚ ਗੜਬੜ ਕਰਨ ਦੇ ਸੁਪਨੇ ਦੇਖਣ ਵਾਲੇ ਗੁਆਂਢੀ ਦੇਸ਼ਾਂ ਨੂੰ ਵੀ ਇਹ ਅਹਿਸਾਸ ਹੋਵੇਗਾ ਕਿ ਅਹਿਮ ਮਸਲਿਆਂ 'ਚ ਪੂਰਾ ਦੇਸ਼ ਇਕਜੁੱਟ ਹੈ।

ਠਾਕੁਰ ਨੇ ਕਿਹਾ ਕਿ ਸਾਨੂੰ ਪੁਲਵਾਮਾ 'ਚ ਮਾਰੇ ਗਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਹੈ ਅਤੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਾ ਦੇਸ਼ ਨਮਨ ਕਰਦਾ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਅੱਜ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ ਵਰਗੇ ਕ੍ਰਿਕਟਰ ਵੀ ਆਪਣੀ ਮਿਹਨਤ ਦੀ ਕਮਾਈ 'ਚੋਂ ਕੁਝ ਹਿੱਸਾ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਦੇ ਰਹੇ ਹਨ। ਠਾਕੁਰ ਨੇ ਕਿਹਾ ਕਿ ਆਮਦਨ ਕਰ ਵਿਭਾਗ ਨੇ ਜਿੱਥੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ, ਉਥੇ ਉਹ ਚਾਹੁੰਦਾ ਹੈ ਕਿ ਹਰੇਕ ਵਿਅਕਤੀ ਵੀ ਆਪਣੀ ਸਮਾਜਿਕ ਜ਼ਿੰਮਵਾਰੀ ਨੂੰ ਨਿਭਾਏ।
ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਹਮੀਰਪੁਰ ਸੰਸਦੀ ਹਲਕੇ 'ਚ ਸਮਾਜਿਕ ਜ਼ਿੰਮਵਾਰੀ ਨਿਭਾਉਂਦੇ ਹੋਏ ਡੇਢ ਸਾਲ 'ਚ 19 ਮੋਬਾਇਲ ਮੈਡੀਕਲ ਯੂਨਿਟ ਪੂਰੇ ਹਲਕੇ 'ਚ ਭੇਜੇ ਹਨ, ਜਿਸ ਨੇ ਲਗਭਗ 1.65 ਲੱਖ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਤਰ੍ਹਾਂ ਲਗਭਗ 10 ਕਰੋੜ ਰੁਪਏ ਗਰੀਬ ਜਨਤਾ ਦੇ ਬਚਾਏ ਗਏ। ਇਸ ਕੰਮ 'ਚ ਜੇ ਕੈਂਸਰ ਦੀ ਰੋਕਥਾਮ ਕਰਨ ਵਾਲੀ ਸੰਸਥਾ ਵੀ ਜੁੜਦੀ ਹੈ ਤਾਂ ਗਰੀਬ ਜਨਤਾ ਦਾ ਹੋਰ ਭਲਾ ਹੋ ਸਕੇਗਾ।

PunjabKesari

ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਹਮੀਰਪੁਰ ਹਲਕੇ 'ਚ ਖੇਡ ਮਹਾਕੁੰਭ ਦਾ ਆਯੋਜਨ ਕੀਤਾ ਸੀ, ਜਿਸ 'ਚ ਲਗਭਗ 42700 ਖਿਡਾਰੀਆਂ ਨੇ ਹਿੱਸਾ ਲੈਂਦੇ ਹੋਏ ਨਸ਼ਾ ਨਾ ਕਰਨ ਦਾ ਪ੍ਰਣ ਲਿਆ। ਉਨ੍ਹਾਂ ਨੇ ਧਾਰਾ 370 ਨੂੰ ਕਸ਼ਮੀਰ 'ਚ ਖਤਮ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੂਰਾ ਦੇਸ਼ ਇਕ ਹੀ ਝੰਡੇ ਹੇਠ ਆ ਗਿਆ ਹੈ।
ਅਨੁਰਾਗ ਨੇ ਕਿਹਾ ਕਿ ਕਸ਼ਮੀਰ ਨੂੰ ਲੈ ਕੇ ਜਦ ਸੰਘਰਸ਼ ਹੋਇਆ ਸੀ ਤਾਂ ਉਨ੍ਹਾਂ ਨੇ ਵੀ ਗ੍ਰਿਫਤਾਰੀ ਦਿੱਤੀ ਸੀ। ਹੁਣ ਦੇਸ਼ ਵਿਕਾਸ ਤੇ ਖੁਸ਼ਹਾਲੀ ਦੀ ਰਾਹ 'ਤੇ ਅੱਗੇ ਵਧੇਗਾ ਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਵੀ ਕੇਂਦਰ ਸਰਕਾਰ ਪੰਜਾਬ ਨੂੰ ਆਪਣੇ ਵਲੋਂ ਪੂਰੀ ਮਾਲੀ ਸਹਾਇਤਾ ਦੇਵੇਗੀ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਪਰਾਲੀ ਨਾ ਸਾੜਨ ਤੇ ਆਪਣੇ ਚੌਗਿਰਦੇ ਨੂੰ ਬਚਾ ਕੇ ਰੱਖਿਆ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਆਮਦਨ ਕਰ ਦਾ ਭੁਗਤਾਨ ਕਰਨ ਦੀ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਇਸ ਨਾਲ ਹੀ ਅਸੀਂ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਨਵੇਂ ਹਥਿਆਰ, ਨਵੇਂ ਜਹਾਜ਼ ਤੇ ਗੋਲਾ-ਬਾਰੂਦ ਖਰੀਦਣ ਦੇ ਸਮਰੱਥ ਹੋ ਸਕਾਂਗੇ।

 


shivani attri

Content Editor

Related News