ਰਾਕੇਸ਼ ਟਿਕੈਤ ਨੇ ਮੰਗਵਾਇਆ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ‘ਜਲ’

Tuesday, Feb 02, 2021 - 04:51 PM (IST)

ਰਾਕੇਸ਼ ਟਿਕੈਤ ਨੇ ਮੰਗਵਾਇਆ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ‘ਜਲ’

ਅੰਮ੍ਰਿਤਸਰ/ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਡਟੇ ਹੋਏ ਹਨ। ਕਿਸਾਨੀ ਘੋਲ ਅੱਜ 69ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਅੱਜ ਯਾਨੀ ਕਿ ਮੰਗਲਵਾਰ ਸ੍ਰੀ ਹਰਿਮੰਦਰ ਸਾਹਿਬ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਰਾਕੇਸ਼ ਟਿਕੈਤ, ਜਿਨ੍ਹਾਂ ਨੇ ਆਪਣੇ ਹੰਝੂਆਂ ਨਾਲ ਪੂਰੇ ਮੁਲਕ ਨੂੰ ਇਕੱਠਾ ਕੀਤਾ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਰਕਾਰ ਦਾ ਪਾਣੀ ਨਹੀਂ ਪੀਣਗੇ ਤਾਂ ਦੇਸ਼ ਭਰ ਤੋਂ ਲੋਕ ਉਨ੍ਹਾਂ ਲਈ ਪਾਣੀ ਲੈ ਕੇ ਪੁੱਜੇ। ਰਾਕੇਸ਼ ਟਿਕੈਤ ਨੇ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਜਲ ਮੰਗਵਾਇਆ ਹੈ। ਇਹ ਜਲ ਕਿਸਾਨਾਂ ਦੇ ਖੇਤਾਂ ’ਚ ਛਿੜਕਾਇਆ ਜਾਵੇਗਾ

ਇਹ ਵੀ ਪੜ੍ਹੋ: ਕਿਸਾਨੀ ਘੋਲ: ਕਿਸਾਨਾਂ ਨੂੰ ਰੋਕਣ ਲਈ ਸਿੰਘੂ ਬਾਰਡਰ ’ਤੇ ਸੀਮੈਂਟ ਦੇ ਪੱਕੇ ਬੈਰੀਕੇਡਜ਼, ਬਣੇਗੀ ‘ਅਸਥਾਈ ਕੰਧ’

ਗਾਜ਼ੀਪੁਰ ਸਰਹੱਦ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਕੌਣ ਨਹੀਂ ਜਾਣਦਾ। ਰਾਕੇਸ਼ ਟਿਕੈਤ ਦੇ ਹੰਝੂਆਂ ਅਤੇ ਭਾਵਨਾਤਮਕ ਅਪੀਲ ’ਤੇ ਗਾਜ਼ੀਪੁਰ ਸਰਹੱਦ ’ਤੇ ਰਾਤੋ-ਰਾਤ ਵੱਡੀ ਗਿਣਤੀ ’ਚ ਕਿਸਾਨਾਂ ਦਾ ਹਜ਼ੂਮ ਪਹੁੰਚਿਆ। ਓਧਰ ਗਾਜ਼ੀਪੁਰ ਸਰਹੱਦ ਤੋਂ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਕਿਸਾਨ ਜਥੇਬੰਦੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਇਸ ਜਲ ਨੂੰ ਖੇਤਾਂ ’ਚ ਛਿੜਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਦੀ ਗੱਲ ਮੰਨਣ। ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਅਤੇ ਕਿਸਾਨ ਦੀ ਗੱਲ ਮੰਨਣ ਨਾਲ ਦੇਸ਼ ਉੱਪਰ ਜਾਵੇਗਾ। 

ਇਹ ਵੀ ਪੜ੍ਹੋ: ਕਿਸਾਨੀ ਘੋਲ ’ਚ ਮੁੜ ਜਾਨ ਫੂਕਣ ਵਾਲੇ ਰਾਕੇਸ਼ ਟਿਕੈਤ ਨੂੰ ਮਿਲਣ ਪੁੱਜੇ ਸੁਖਬੀਰ ਬਾਦਲ

ਭਾਵੇਂ ਹੀ ਸਰਕਾਰ ਵਲੋਂ ਕਿਸਾਨੀ ਅੰਦੋਲਨ ਨੂੰ ਡਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਕਿਸਾਨਾਂ ਦੇ ਹੌਸਲਿਆਂ ’ਚ ਕੋਈ ਕਮੀ ਨਹੀਂ ਆਈ ਹੈ। ਗਾਜ਼ੀਪੁਰ ਸਰਹੱਦ ’ਤੇ ਵੱਡੀ ਗਿਣਤੀ ’ਚ ਕਿਸਾਨ ਡਟੇ ਹੋਏ ਹਨ, ਜੋ ਕਿ ਰਾਜਸਥਾਨ, ਹਰਿਆਣਾ ਅਤੇ ਪੰਜਾਬ ਤੋਂ ਆਏ ਹਨ। ਦਰਅਸਲ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਵੀ ਗਾਜ਼ੀਪੁਰ ਸਰਹੱਦ ਤੋਂ ਕਿਸਾਨਾਂ ਨੂੰ ਜ਼ਬਰਨ ਉਠਾਉਣ ਦੀ ਕੋਸ਼ਿਸ਼ ਕੀਤੀ। ਸਰਹੱਦ ’ਤੇ ਪਾਣੀ ਬੰਦ ਕਰ ਦਿੱਤਾ ਗਿਆ ਅਤੇ ਬਿਜਲੀ ਕੱਟ ਦਿੱਤੀ ਗਈ।

ਇਹ ਵੀ ਪੜ੍ਹੋ: ਗਣਤੰਤਰ ਦਿਵਸ ਹਿੰਸਾ : ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦਾ ਡਾਟਾ ਕੀਤਾ ਜਾਰੀ

ਇਸ ਦੌਰਾਨ ਕਿਸਾਨੀ ਅੰਦੋਲਨ ’ਚ ਡਟੇ ਰਾਕੇਸ਼ ਟਿਕੈਤ ਫੁਟ-ਫੁਟ ਕੇ ਰੋਣ ਲੱਗ ਪਏ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦਾ ਪਾਣੀ ਨਹੀਂ ਪੀਣਗੇ। ਉਨ੍ਹਾਂ ਦੇ ਹੰਝੂਆਂ ਨੇ ਕਿਸਾਨੀ ਘੋਲ ’ਚ ਨਵੀਂ ਜਾਨ ਫੂਕਣ ਦਾ ਕੰਮ ਕੀਤਾ। ਅੱਜ ਗਾਜ਼ੀਪੁਰ ਸਰਹੱਦ ’ਤੇ ਵੱਡੀ ਗਿਣਤੀ ’ਚ ਕਿਸਾਨ ਡਟੇ ਹੋਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਿੱਤ ਕੇ ਹੀ ਘਰਾਂ ਨੂੰ ਪਰਤਣਗੇ। 

ਇਹ ਵੀ ਪੜ੍ਹੋ: 'ਗੇਮ ਚੇਂਜਰ' ਸਾਬਤ ਹੋਏ ਰਾਕੇਸ਼ ਟਿਕੈਤ ਦੇ ਹੰਝੂ, ਕਿਸਾਨਾਂ ਦੀ ਵੱਧਦੀ ਗਿਣਤੀ ਵੇਖ ਪ੍ਰਸ਼ਾਸਨ ਨੇ ਲਿਆ 'ਯੂ-ਟਰਨ'

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ


author

Tanu

Content Editor

Related News