ਮੰਦਰ ਦੇ ਪ੍ਰਤਿਸ਼ਠਾ ਸਮਾਰੋਹ ਲਈ ਊਧਵ, ਸ਼ਰਦ ਪਵਾਰ, ਲਾਲੂ ਤੇ ਅਖਿਲੇਸ਼ ਨੂੰ ਸੱਦਾ

Saturday, Dec 30, 2023 - 01:52 PM (IST)

ਨਵੀਂ ਦਿੱਲੀ- ਮੀਡੀਆ ਦੇ ਇਕ ਵਰਗ ਵਿਚ ਛਪੀਆਂ ਖਬਰਾਂ ਦੇ ਉਲਟ ਹੁਣ ਇਹ ਸਾਹਮਣੇ ਆਇਆ ਹੈ ਕਿ ਰਾਮ ਜਨਮ ਭੂਮੀ ਮੰਦਰ ਟਰੱਸਟ ਅਤੇ ਵੀ. ਐੱਚ. ਪੀ. ਨੇ ਐੱਨ. ਸੀ. ਪੀ. ਦੇ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ (ਊਧਵ ਬਾਲਾਸਾਹਿਬ ਠਾਕਰੇ) ਨੂੰ ਉਦਘਾਟਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਸ਼ਰਦ ਪਵਾਰ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਸੱਦਿਆ ਨਹੀਂ ਗਿਆ ਹੈ। ਇਥੋਂ ਤੱਕ ਕਿ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਵੀ ਇਸ ਗੱਲ ਤੋਂ ਕਾਫੀ ਨਾਰਾਜ਼ ਸਨ ਕਿ ਉਨ੍ਹਾਂ ਦੀ ਪਾਰਟੀ ਨੂੰ ਸਮਾਰੋਹ ਲਈ ਸੱਦਿਆ ਨਹੀਂ ਗਿਆ। ਇਸ ਲਈ ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸ਼ਿਵ ਸੈਨਿਕਾਂ ਨੇ ਢਾਂਚਾ ਨਹੀਂ ਡਿਗਾਇਆ ਹੁੰਦਾ ਤਾਂ ਉਥੇ ਰਾਮ ਮੰਦਰ ਨਹੀਂ ਹੁੰਦਾ।

ਪਰ ਮੰਦਰ ਟਰੱਸਟ ਅਤੇ ਵੀ. ਐੱਚ. ਪੀ. ਨੇ ਇਸ ਸਮਾਰੋਹ ਲਈ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੂੰ ਵੀ ਸੱਦਿਆ ਹੈ, ਹਾਲਾਂਕਿ ਮੁਲਾਇਮ ਸਿੰਘ ਦੇ ਸ਼ਾਸਨਕਾਲ ਵਿਚ ਹੀ ਅਯੁੱਧਿਆ ਵਿਚ ਕਾਰ ਸੇਵਕਾਂ ’ਤੇ ਗੋਲੀਆਂ ਚਲਵਾਈਆਂ ਗਈਆਂ ਸਨ। ਉਥੇ ਹੀ ਸਮਾਰੋਹ ਵਿਚ ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਵੀ ਸੱਦਿਆ ਗਿਆ ਹੈ। ਹਾਲਾਂਕਿ ਜਦੋਂ ਲਾਲੂ ਬਿਹਾਰ ਦੇ ਮੁੱਖ ਮੰਤਰੀ ਸਨ ਉਦੋਂ ਉਨ੍ਹਾਂ ਲਾਲ ਕ੍ਰਿਸ਼ਨ ਅਡਵਾਨੀ ਦੀ ਰਾਮ ਰੱਥ ਯਾਤਰਾ ਨੂੰ ਬਿਹਾਰ ਵਿਚ ਰੋਕ ਦਿੱਤਾ ਸੀ ਅਤੇ ਭਾਜਪਾ ਨੇਤਾ ਨੂੰ ਗ੍ਰਿਫਤਾਰ ਕਰ ਲਿਆ ਸੀ। ਵਿਹਿਪ ਲੀਡਰਸ਼ਿਪ ਨੇ ਸਮਾਰੋਹ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਸੱਦਿਆ ਹੈ।

ਵਿਹਿਪ ਦੇ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸਮਾਰੋਹ ਵਿਚ ਪ੍ਰਮੁੱਖ ਨੇਤਾਵਾਂ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੱਦਿਆ ਗਿਆ ਹੈ। ਵਿਹਿਪ ਦੇ ਇਕ ਚੋਟੀ ਦੇ ਨੇਤਾ ਨੇ ਕਿਹਾ ਕਿ ਅਸੀਂ ਇਹ ਕਹਿਣ ਦੀ ਸਥਿਤੀ ਵਿਚ ਨਹੀਂ ਹਾਂ ਕਿ ਇਨ੍ਹਾਂ ਪਾਰਟੀਆਂ ਵਲੋਂ ਇਹ ਮੁੱਦਾ ਕਿਉਂ ਉਠਾਇਆ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਆਉਣ ਅਤੇ ਅਯੁੱਧਿਆ ਵਿਚ ਰਾਮ ਮੰਦਰ ਦੇ ਦਰਸ਼ਨ ਕਰਨ।


Rakesh

Content Editor

Related News