ਸੰਯੁਕਤ ਰਾਸ਼ਟਰ ਮਹਾਸਭਾ 'ਚ ਭਾਰਤ ਦਾ ਬਿਆਨ- ਪਾਕਿਸਤਾਨ ਦੀ ਸਭ ਤੋਂ ਵੱਡੀ ਉਪਲੱਬਧੀ 'ਅੱਤਵਾਦ'

9/26/2020 3:01:00 PM

ਸੰਯੁਕਤ ਰਾਸ਼ਟਰ- ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਲਗਾਤਾਰ ਜ਼ਹਿਰ ਉਗਲਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੰਦਿਆ ਕੀਤੀ। ਭਾਰਤ ਨੇ ਕਿਹਾ ਕਿ ਪਾਕਿਸਤਾਨ ਕੋਲ ਪਿਛਲੇ 7 ਦਹਾਕਿਆਂ 'ਚ ਵੱਡੀਆਂ ਉਪਲੱਬਧੀਆਂ ਦੇ ਤੌਰ 'ਤੇ ਦਿਖਾਉਣ ਲਈ ਸਿਰਫ਼ ਅੱਤਵਾਦ, ਘੱਟ ਗਿਣਤੀ ਜਾਤੀ ਸਮੂਹਾਂ ਦਾ ਸਫ਼ਾਇਆ ਕਰਨਾ, ਬਹੁ ਗਿਣਤੀ ਦੀ ਕੱਟੜਤਾ ਅਤੇ ਗੈਰ-ਕਾਨੂੰਨੀ ਪਰਮਾਣੂੰ ਸੌਦਾ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਮਿਜੀਤੋ ਵਿਨੀਤੋ ਨੇ ਜਵਾਬ ਦੇਣ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਿਹਾ,''ਪਾਕਿਸਤਾਨ ਦੇ ਨੇਤਾ ਨੇ ਹਿੰਸਾ ਅਤੇ ਨਫ਼ਰਤ ਨੂੰ ਭੜਕਾਉਣ ਵਾਲਿਆਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਪਰ ਜਿਵੇਂ-ਜਿਵੇਂ ਉਹ ਅੱਗੇ ਗੱਲ ਕਰਦੇ ਗਏ, ਅਸੀਂ ਇਹ ਸੋਚਣ 'ਤੇ ਮਜ਼ਬੂਰ ਹੋ ਗਏ ਕਿ ਕੀ ਉਹ ਆਪਣੀ ਗੱਲ ਕਰ ਰਹੇ ਹਨ?''
 

ਪਾਕਿਸਤਾਨ ਕੋਲ ਦੱਸਣ ਲਾਇਕ ਕੋਈ ਉਪਲੱਬਧੀ ਨਹੀਂ
ਇਮਰਾਨ ਖਾਨ ਨੇ ਮਹਾਸਭਾ 'ਚ ਉੱਚ ਪੱਧਰੀ ਚਰਚਾ ਦੌਰਾਨ ਆਪਣੇ ਵੀਡੀਓ 'ਚ ਜੰਮੂ-ਕਸ਼ਮੀਰ ਸਮੇਤ ਭਾਰਤ ਦੇ ਅੰਦਰੂਨੀ ਮਾਮਲਿਆਂ ਦੀ ਗੱਲ ਕੀਤੀ ਸੀ, ਜਿਸ ਤੋਂ ਬਾਅਦ ਭਾਰਤ ਨੇ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਜਦੋਂ ਖਾਨ ਨੇ ਭਾਰਤ 'ਤੇ ਹਮੇਸ਼ਾ ਦੀ ਤਰ੍ਹਾਂ ਦੋਸ਼ ਲਗਾਉਣ ਵਾਲਾ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਅਸੈਂਬਲੀ ਰੂਮ 'ਚ ਭਾਰਤ ਦੀ ਸੀਟ 'ਤੇ ਬੈਠੇ ਵਿਨੀਤੋ ਬਾਈਕਾਟ ਕਰ ਗਏ। ਯੂਥ ਭਾਰਤੀ ਡਿਪਲੋਮੈਟ ਨੇ ਕਿਹਾ,''ਉਸ ਵਿਅਕਤੀ ਨੇ ਅਸੈਂਬਲੀ ਰੂਮ 'ਚ ਲਗਾਤਾਰ ਸ਼ੇਖੀ ਦੱਸੀ, ਜਿਸ ਕੋਲ ਖ਼ੁਦ ਕੁਝ ਦਿਖਾਉਣ ਲਈ ਨਹੀਂ ਹੈ, ਜਿਸ ਕੋਲ ਦੱਸਣ ਲਾਇਕ ਕੋਈ ਉਪਲੱਬਧੀ ਨਹੀਂ ਹੈ ਅਤੇ ਦੁਨੀਆ ਨੂੰ ਦੇਣ ਲਈ ਕੋਈ ਤਰਕ ਸੰਗਤ ਸੁਝਾਅ ਨਹੀਂ ਹੈ। ਇਸ ਦੇ ਬਜਾਏ, ਅਸੀਂ ਉਸ ਨੂੰ ਝੂਠ, ਗਲਤ ਸੂਚਨਾ ਫੈਲਾਉਂਦੇ, ਯੁੱਧ ਭੜਕਾਉਂਦੇ ਅਤੇ ਨਫ਼ਰਤ ਫੈਲਾਉਂਦੇ ਦੇਖਿਆ।''
 

ਅੱਤਵਾਦੀ ਨੂੰ ਸ਼ਹੀਦ ਕਹਿੰਦੇ ਹਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ
ਵਿਨੀਤੋ ਨੇ ਇਕ ਦੇਸ਼ ਦੇ ਰੂਪ 'ਚ ਪਾਕਿਸਤਾਨ ਦੇ ਇਤਿਹਾਸ ਦੀ ਨਿੰਦਾ ਕਰਦੇ ਹੋਏ ਕਿਹਾ,''ਇਸ ਦੇਸ਼ ਕੋਲ ਪਿਛਲੇ 70 ਸਾਲਾਂ 'ਚ ਜੋ ਵੱਡੀਆਂ ਉਪਲੱਬਧੀਆਂ ਦਿਖਾਉਣ ਲਾਇਕ ਹਨ, ਉਹ ਅੱਤਵਾਦ, ਘੱਟ ਗਿਣਤੀ ਜਾਤੀ ਸਮੂਹਾਂ ਦਾ ਸਫ਼ਾਇਆ ਕਰਨਾ, ਬਹੁ ਗਿਣਤੀਆਂ ਦੀ ਕੱਟੜਤਾ ਅਤੇ ਗੈਰ-ਕਾਨੂੰਨੀ ਪਰਮਾਣੂੰ ਸੌਦੇ ਹਨ।'' ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇਕ ਅਜਿਹਾ ਦੇਸ਼ ਹੈ, ਜੋ ਸੰਯੁਕਤ ਰਾਸ਼ਟਰ ਵਲੋਂ ਗੈਰ-ਕਾਨੂੰਨੀ ਕਰਾਰ ਦਿੱਤੇ ਗਏ ਅੱਤਵਾਦੀਆਂ ਦੀ ਵੱਡੀ ਗਿਣਤੀ ਨੂੰ ਆਸਰਾ ਦਿੰਦਾ ਹੈ। ਉਨ੍ਹਾਂ ਨੇ ਅੱਤਵਾਦੀ ਸੰਗਠ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਅਦ ਅਤੇ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕਹੀ। ਵਿਨੀਤੋ ਨੇ ਕਿਹਾ,''ਇਹ ਉਹੀ ਦੇਸ਼ ਹੈ, ਜੋ ਖੂੰਖਾਰ ਅਤੇ ਸੂਚੀਬੱਧ ਅੱਤਵਾਦੀਆਂ ਨੂੰ ਸਰਕਾਰੀ ਫੰਡ ਤੋਂ ਪੈਨਸ਼ਨ ਦਿੰਦਾ ਹੈ। ਜਿਸ ਨੇਤਾ ਨੂੰ ਅੱਜ ਅਸੀਂ ਸੁਣਿਆ, ਉਹ ਉਹੀ ਹੈ, ਜਿਨ੍ਹਾਂ ਨੇ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਜੁਲਾਈ 'ਚ ਪਾਕਿਸਤਾਨੀ ਸੰਸਦ 'ਚ 'ਸ਼ਹੀਦ' ਕਿਹਾ ਸੀ।''
 

ਜ਼ਬਰਨ ਧਰਮ ਤਬਦੀਲ ਕਰਵਾਉਂਦਾ ਹੈ ਪਾਕਿਸਤਾਨ
ਉਨ੍ਹਾਂ ਨੇ ਕਿਹਾ ਕਿ ਇਹੀ ਉਹ ਪਾਕਿਸਤਾਨ ਹੈ, ਜਿਸ ਨੇ 39 ਸਾਲ ਪਹਿਲਾਂ ਆਪਣੇ ਲੋਕਾਂ ਨੂੰ ਹੀ ਮਾਰ ਕੇ ਦੱਖਣੀ ਏਸ਼ੀਆ 'ਚ ਕਤਲੇਆਮ ਕੀਤਾ ਸੀ ਅਤੇ ਇਹੀ ਉਹ ਦੇਸ਼ ਹੈ, ਜਿਸ 'ਚ ਇੰਨੀ ਵੀ ਸ਼ਰਮ ਨਹੀਂ ਹੈ ਕਿ ਉਹ ਇੰਨੇ ਸਾਲ ਬਾਅਦ ਵੀ ਆਪਣੀ ਇਸ ਬੇਰਹਿਮੀ ਲਈ ਈਮਾਨਦਾਰੀ ਨਾਲ ਮੁਆਫ਼ੀ ਮੰਗੇ। ਭਾਰਤ ਨੇ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਅੱਜ ਜ਼ਹਿਰ ਉਗਲਣ ਵਾਲੇ ਖਾਨ ਨੇ ਅਮਰੀਕਾ 'ਚ 2019 ਨੂੰ ਸਾਰਿਆਂ ਦੇ ਸਾਹਮਣੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ 'ਚ ਹੁਣ ਵੀ 30,000 ਤੋਂ 40,000 ਅੱਤਵਾਦੀ ਹਨ, ਜਿਨ੍ਹਾਂ ਨੂੰ ਪਾਕਿਸਤਾਨ ਨੇ ਸਿਖਲਾਈ ਦਿੱਤੀ ਸੀ ਅਤੇ ਜਿਨ੍ਹਾਂ ਨੇ ਅਫ਼ਗਾਨਿਸਤਾਨ ਅਤੇ ਭਾਰਤ ਦੇ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ। ਵਿਨੀਤੋ ਨੇ ਕਿਹਾ,''ਇਹ ਉਹੀ ਦੇਸ਼ ਹੈ, ਜਿਸ ਨੇ ਈਸ਼ਨਿੰਦਾ ਕਾਨੂੰਨਾਂ ਦੀ ਗਲਤ ਵਰਤੋਂ ਅਤੇ ਜ਼ਬਰਨ ਧਰਮ ਤਬਦੀਲ ਕਰਵਾ ਕੇ ਹਿੰਦੂਆਂ, ਈਸਾਈਆਂ, ਸਿੱਖਾਂ ਅਤੇ ਹੋਰ ਲੋਕਾਂ ਸਮੇਤ ਘੱਟ ਗਿਣਤੀਆਂ ਨੂੰ ਖਤਮ ਕਰ ਦਿੱਤਾ।''
 

ਜੰਮੂ-ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ
ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਜੰਮੂ-ਕਸ਼ਮੀਰ ਉਸ ਦਾ ਅਭਿੰਨ ਅੰਗ ਹੈ, ਜਿਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਲਿਆਂਦੇ ਗਏ ਕਾਨੂੰਨ ਅਤੇ ਬਿੱਲ ਉਸ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਨੇ ਕਿਹਾ,''ਕਸ਼ਮੀਰ 'ਚ ਇਕਮਾਤਰ ਵਿਵਾਦ ਕਸ਼ਮੀਰ ਦੇ ਉਸ ਹਿੱਸੇ 'ਚ ਹੈ, ਜਿਸ 'ਤੇ ਪਾਕਿਸਤਾਨ ਦਾ ਨਾਜਾਇਜ਼ ਕਬਜ਼ਾ ਹੈ। ਅਸੀਂ ਪਾਕਿਸਤਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਨਾਜਾਇਜ਼ ਕਬਜ਼ੇ ਵਾਲੇ ਇਲਾਕਿਆਂ ਨੂੰ ਖਾਲੀ ਕਰੇ।'' ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਆਮ ਦੇਸ਼ ਬਣਨ ਦਾ ਇਕਮਾਤਰ ਜ਼ਰੀਆ ਇਹ ਹੈ ਕਿ ਉਹ ਅੱਤਵਾਦ ਨੂੰ ਵਿੱਤੀ ਸਹਿਯੋਗ ਦੇਣਾ ਬੰਦ ਕਰੇ ਅਤੇ ਆਪਣਾ ਧਿਆਨ ਉਨ੍ਹਾਂ ਸਮੱਸਿਆਵਾਂ 'ਤੇ ਕੇਂਦਰਿਤ ਕਰੇ, ਜੋ ਉਸ ਦੇ ਨਾਗਰਿਕ ਝੱਲ ਰਹੇ ਹਨ ਅਤੇ ਆਪਣੇ 'ਕੁਟਿਲ' ਏਜੰਡੇ ਲਈ ਸੰਯੁਕਤ ਰਾਸ਼ਟਰ ਮੰਚਾਂ ਦੀ ਗਲਤ ਵਰਤੋਂ ਕਰਨਾ ਬੰਦ ਕਰੇ।


DIsha

Content Editor DIsha