ਹਿਤਾਚੀ ਇੰਡੀਆ ਦੇ ਮਾਲੀਆ ’ਚ 2030 ਤਕ 20 ਅਰਬ ਡਾਲਰ ਦਾ ਸਹਿਯੋਗ ਕਰਨ ਦਾ ਟੀਚਾ
Tuesday, Feb 14, 2023 - 06:52 PM (IST)

ਨਵੀਂ ਦਿੱਲੀ (ਭਾਸ਼ਾ) - ਹਿਤਾਚੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਭਰਤ ਕੌਸ਼ਲ ਨੇ ਕਿਹਾ ਕਿ ਕੰਪਨੀ ਦਾ ਟੀਚਾ 2030 ਤੱਕ ‘ਦੋਹਰੇ ਅੰਕ ’ਚ ਲਾਭ’ ਦੇ ਨਾਲ ਆਪਣੀ ਮੂਲ ਕੰਪਨੀ ਦੇ ਏਕੀਕ੍ਰਿਤ ਕੌਮਾਂਤਰੀ ਮਾਲੀਆ ’ਚ 20 ਅਰਬ ਡਾਲਰ ਦਾ ਯੋਗਦਾਨ ਪਾਉਣਾ ਹੈ। ਕੌਸ਼ਲ ਨੇ ਦੱਸਿਆ ਕਿ ਹਿਤਾਚੀ ਇੰਡੀਆ ਦਾ ਟੀਚਾ 2030 ਤੱਕ ਸਮੂਹ ਦੇ ਰੇਲ, ਊਰਜਾ ਅਤੇ ਡਿਜੀਟਲ, ਵਾਹਨ ਉਦਯੋਗਾਂ ਵਿਚ ‘ਮਹੱਤਵਪੂਰਨ ਸਥਾਨ’ ਹਾਸਲ ਕਰਨਾ ਹੈ।
ਇਸ ਤੋਂ ਇਲਾਵਾ ਸਾਡਾ ਟੀਚਾ ਹਿਤਾਚੀ ਦੇ ਕੁੱਲ ਏਕੀਕ੍ਰਿਤ ਮਾਲੀਏ ਨੂੰ ਦੋਹਰੇ ਅੰਕ ਤਕ ਪਹੁੰਚਾਉਣਾ ਹੈ। ਹਿਤਾਚੀ ਇੰਡੀਆ ਦੇ ਮਾਲੀਆ ਬਾਰੇ ਪੁੱਛੇ ਜਾਣ ’ਤੇ ਕੌਸ਼ਲ ਨੇ ਕਿਹਾ,‘‘ਸਾਨੂੰ 20 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਹਿਤਾਚੀ ਦੀ ਇਨੋਵੇਟਰ ਅਤੇ ਵਿਸ਼ਵ ਪੱਧਰ ’ਤੇ ਪ੍ਰਸ਼ੰਸਾ ਪ੍ਰਾਪਤ ਟੈਕਨਾਲੋਜੀ ਭਾਰਤ ’ਚ ਤਬਦੀਲੀ ਨੂੰ ਬੜ੍ਹਾਵਾ ਦੇ ਰਹੀ ਹੈ। ਹਿਤਾਚੀ ਦੀ ਨਵੀਂ ਮਿਡ-ਟਰਮ ਮੈਨੇਜਮੈਂਟ ਯੋਜਨਾ 2024 ਦਾ ਟਾਰਗੈੱਟ ਡਾਟਾ ਅਤੇ ਟੈਕਨਾਲੋਜੀ ਨਾਲ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਹੈ।’’ ਉਨ੍ਹਾਂ ਕਿਹਾ ਕਿ ਹਿਤਾਚੀ ਭਾਰਤ ਦੇ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਵਿੱਤੀ ਸਾਲ 2020-21 ਲਈ ਹਿਤਾਚੀ ਇੰਡੀਆ ਦੀ ਏਕੀਕ੍ਰਿਤ ਆਮਦਨ ਲਗਭਗ 17,204 ਕਰੋੜ (274 ਅਰਬ ਯੇਨ) ਰਹੀ ਸੀ।