ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਣਜ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਨਾਮਜ਼ਦ
Tuesday, Oct 01, 2024 - 06:15 PM (IST)
ਚੰਡੀਗੜ੍ਹ : ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਵਣਜ ਬਾਰੇ ਸੰਸਦੀ ਸਥਾਈ ਕਮੇਟੀ ਲਈ ਦੁਬਾਰਾ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਵਪਾਰ ਅਤੇ ਉਦਯੋਗ, ਖਾਸ ਕਰਕੇ ਪੰਜਾਬ ਦੇ ਹਿੱਤਾਂ ਦੇ ਸਬੰਧ ਵਿਚ ਵਕਾਲਤ ਕਰਨ ਦੇ ਲਗਾਤਾਰ ਯਤਨਾਂ 'ਤੇ ਜ਼ੋਰ ਦੇਣ ਵਜੋ ਹੋਇਆ ਹੈ। ਡਾ. ਸਾਹਨੀ ਸੰਸਦ ਅਤੇ ਬਾਹਰ ਦੋਵਾਂ ਵਿਚ ਇਕ ਸਰਗਰਮ ਅਵਾਜ਼ ਬਣੇ ਰਹੇ ਹਨ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਅਤੇ ਖੇਤਰੀ ਵਪਾਰ ਮੁੱਦਿਆਂ 'ਤੇ ਲਗਾਤਾਰ ਮਹੱਤਵਪੂਰਨ ਚਿੰਤਾਵਾਂ ਉਠਾਈਆਂ ਹਨ।
ਡਾ. ਸਾਹਨੀ ਪੰਜਾਬ ਦੇ ਉਦਯੋਗਿਕ ਵਿਕਾਸ ਲਈ 1200 ਏਕੜ ਰਾਜਪੁਰਾ ਇੰਡਸਟਰੀਅਲ ਕੋਰੀਡੋਰ ਨੂੰ ਸਫਲਤਾਪੂਰਵਕ ਮਨਜ਼ੂਰੀ ਦੁਆਈ ਹੈ ਅਤੇ ਨਾਲ ਹੀ ਮੋਹਾਲੀ ਵਿਖੇ ਸੈਮੀ-ਕੰਡਕਟਰ ਸੁਵਿਧਾ ਨੂੰ ਅਪਗ੍ਰੇਡ ਕਰਨ ਲਈ 10,000 ਕਰੋੜ ਰੁਪਏ ਮਨਜ਼ੂਰ ਕਰਵਾ ਕੇ ਮਹੱਤਵਪੂਰਨ ਕਾਰਜ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਸਮਰਥਨ ਦੇਣ ਲਈ ਸਾਈਕਲ, ਖਿਡੌਣੇ ਅਤੇ ਚਮੜਾ ਉਦਯੋਗਾਂ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀ.ਐੱਲ.ਆਈ.) ਸਕੀਮ ਦੇ ਵਿਸਤਾਰ ਵਰਗੇ ਅਹਿਮ ਮੁੱਦੇ ਵੀ ਉਠਾਏ ਹਨ।
ਡਾ. ਸਾਹਨੀ ਨੇ ਬ੍ਰਿਕਸ ਅਤੇ ਸਾਰਕ ਵਰਗੇ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਉਨ੍ਹਾਂ ਨੇ ਆਈਸੀਸੀ ਚੈਂਬਰ ਆਫ਼ ਕਾਮਰਸ, ਪੈਰਿਸ-ਇੰਡੀਆ ਚੈਪਟਰ ਦੇ ਚੇਅਰ ਵਜੋਂ ਅਤੇ ਵਣਜ ਮੰਤਰਾਲੇ ਲਈ ਇਕ ਪ੍ਰਮੁੱਖ ਸਲਾਹਕਾਰ ਸੰਸਥਾ, ਵਪਾਰ ਬੋਰਡ ਦੇ ਇਕ ਸਰਗਰਮ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ।