ਸੁਨੀਲ ਜਾਖੜ ਨੇ ਕੀਤੇ ਵੱਡੇ ਖੁਲਾਸੇ, 92 ਏਕੜ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦਾ ਇਲਜ਼ਾਮ
Wednesday, Nov 25, 2026 - 03:06 PM (IST)
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਵਿੱਚ ਚੱਲ ਰਹੇ ਮਾਈਨਿੰਗ ਅਤੇ ਪੰਚਾਇਤੀ ਜ਼ਮੀਨਾਂ ਦੇ ਘੁਟਾਲੇ ਬਾਰੇ ਵੱਡੇ ਖੁਲਾਸੇ ਕੀਤੇ ਹਨ। ਸੁਨੀਲ ਜਾਖੜ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਈ.ਡੀ. ਵੱਲੋਂ ਪਠਾਨਕੋਟ ਵਿੱਚ ਕਰਸ਼ਰ ਮਾਲਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਈ.ਡੀ. ਵੱਲੋਂ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਸਬੂਤ ਦਿਖਾਉਂਦਿਆਂ ਦੱਸਿਆ ਕਿ ਗ੍ਰਾਮ ਪੰਚਾਇਤ ਦੀ 92 ਏਕੜ ਸ਼ਾਮਲਾਤ (ਪੰਚਾਇਤੀ) ਜ਼ਮੀਨ ਦੀ ਮਾਲਕੀ ਗੈਰ-ਕਾਨੂੰਨੀ ਢੰਗ ਨਾਲ ਨਿਪੁਨ ਮਹਾਜਨ ਅਤੇ ਹੋਰ ਸਟੋਨ ਕਰਸ਼ਰ ਮਾਲਕਾਂ ਦੇ ਨਾਂ ਦਿਖਾਈ ਗਈ ਹੈ।
ਸੁਨੀਲ ਜਾਖੜ ਨੇ ਕਿਹਾ ਨਸ਼ੇ, ਗੈਰ-ਕਾਨੂੰਨੀ ਮਾਈਨਿੰਗ ਅਤੇ ਸਰਹੱਦੀ ਖੇਤਰਾਂ ਵਿੱਚ ਦੇਸ਼-ਵਿਰੋਧੀ ਤੱਤਾਂ ਤੇ ਅੱਤਵਾਦ ਦਾ ਮਸਲਾ ਸਿਰਫ਼ ਪੰਜਾਬ ਦਾ ਨਹੀਂ, ਸਗੋਂ ਇਹ ਪੂਰੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਇੱਕ ਵੱਡਾ ਮੁੱਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ 90 ਏਕੜ ਜ਼ਮੀਨ ਜੰਗਲਾਤ ਖੇਤਰ ਅਤੇ ਨੋਟੀਫਾਈਡ ਈਕੋ-ਸੈਂਸਟਿਵ ਜ਼ੋਨ ਦੇ ਅੰਦਰ ਆਉਂਦੀ ਹੈ। ਸੁਪਰੀਮ ਕੋਰਟ ਅਤੇ ਕੇਂਦਰੀ ਵਾਤਾਵਰਣ ਨਿਯਮਾਂ ਮੁਤਾਬਕ ਈਕੋ-ਸੈਂਸਟਿਵ ਜ਼ੋਨ ਅਤੇ ਜੰਗਲਾਤ ਖੇਤਰ ਦੇ 1 ਤੋਂ 10 ਕਿਲੋਮੀਟਰ ਦੇ ਘੇਰੇ ਅੰਦਰ ਮਾਈਨਿੰਗ 'ਤੇ ਪੂਰਨ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਵਾਸੀ ਰਮਨ ਕੁਮਾਰ ਸ਼ਰਮਾ ਨੂੰ ਨਰੋਟ ਜੈਮਲ ਸਿੰਘ ਇਲਾਕੇ ਵਿੱਚ ਪੰਚਾਇਤੀ (ਸ਼ਾਮਲਾਤ) ਜ਼ਮੀਨ 'ਤੇ ਮਾਈਨਿੰਗ ਤੇ ਕਰਸ਼ਰ ਲਈ ਐੱਲ.ਓ.ਆਈ. ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਇਸ ਘੁਟਾਲੇ ਦੇ ਸਾਰੇ ਦਸਤਾਵੇਜ਼ੀ ਅਤੇ ਕਾਨੂੰਨੀ ਸਬੂਤ ਮੌਜੂਦ ਹਨ ਅਤੇ ਉਹ ਜਨਤਾ ਅਤੇ ਅਦਾਲਤਾਂ ਸਾਹਮਣੇ ਸਰਕਾਰ ਖ਼ਿਲਾਫ਼ ਮਜ਼ਬੂਤ ਚਾਰਜਸ਼ੀਟ ਪੇਸ਼ ਕਰਨਗੇ।
ਇਸ ਦੌਰਾਨ ਸੁਨੀਲ ਜਾਖੜ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਸਿੱਧੀ ਸਿਆਸੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਇਨ੍ਹਾਂ ਦੋਵਾਂ ਆਗੂਆਂ ਵਿੱਚੋਂ ਕੋਈ ਵੀ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੀ ਹਿੰਮਤ ਦਿਖਾਉਂਦਾ ਹੈ, ਤਾਂ ਉਹ ਖ਼ੁਦ ਵੀ ਚੋਣ ਮੈਦਾਨ ਵਿੱਚ ਉਤਰਨਗੇ। ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਜਾਖੜ ਨੇ ਸਪੱਸ਼ਟ ਕੀਤਾ ਕਿ ਜੇਕਰ ‘ਆਪ’ ਦੇ ਇਹ ਦੋਵੇਂ ਸਿਖਰਲੇ ਆਗੂ ਪੰਜਾਬ ਦੇ ਚੋਣ ਅਖਾੜੇ ਵਿੱਚ ਆਉਦੇ ਹਨ, ਤਾਂ ਉਹ ਭਾਜਪਾ ਤੋਂ ਟਿਕਟ ਦੀ ਮੰਗ ਕਰਕੇ ਉਨ੍ਹਾਂ ਖ਼ਿਲਾਫ਼ ਚੋਣ ਲੜਨਗੇ। ਉਨ੍ਹਾਂ ਅੱਗੇ ਕਿਹਾ ਹੁਣ ਸੂਬੇ ਦੀ ਸਿਆਸਤ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਰਹੀ, ਪਰ ਲੋਕ ਚਾਹੁੰਦੇ ਹਨ ਕਿ ਮੈਂ ਸਰਕਾਰ ਦਾ ਹਿੱਸਾ ਬਣਾਂ। ਜੇਕਰ ਪਾਰਟੀ ਨੂੰ ਇਹ ਠੀਕ ਲੱਗਿਆ, ਤਾਂ ਮੈਂ ਚੋਣ ਮੈਦਾਨ ਵਿੱਚ ਜ਼ਰੂਰ ਉਤਰਾਂਗਾ।
