ਨਸ਼ਾ ਤਸਕਰੀ ਦੇ ਮੁਲਜ਼ਮ ਨਾਲ ਵਿਧਾਇਕਾ ਅਨਮੋਲ ਗਗਨ ਮਾਨ ਦੀਆਂ ਤਸਵੀਰਾਂ ਗੰਭੀਰ ਸਵਾਲ ਖੜ੍ਹੇ ਕਰਦੀਆਂ : ਜੋਸ਼ੀ

Sunday, Jun 14, 2026 - 07:21 PM (IST)

ਨਸ਼ਾ ਤਸਕਰੀ ਦੇ ਮੁਲਜ਼ਮ ਨਾਲ ਵਿਧਾਇਕਾ ਅਨਮੋਲ ਗਗਨ ਮਾਨ ਦੀਆਂ ਤਸਵੀਰਾਂ ਗੰਭੀਰ ਸਵਾਲ ਖੜ੍ਹੇ ਕਰਦੀਆਂ : ਜੋਸ਼ੀ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਡੀਆ ਮੁਖੀ ਅਤੇ ਖਰੜ ਵਿਧਾਨ ਸਭਾ ਦੇ ਮੁੱਖ ਸੇਵਾਦਾਰ ਵਿਨੀਤ ਜੋਸ਼ੀ ਨੇ ਕਿਹਾ ਹੈ ਕਿ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਇੱਕ ਅਜਿਹਾ ਵਿਅਕਤੀ ਦਿਖਾਈ ਦੇ ਰਿਹਾ ਹੈ, ਜਿਸ ਦੇ ਖ਼ਿਲਾਫ਼ ਨਸ਼ਾ ਤਸਕਰੀ ਅਤੇ ਪਾਬੰਦੀਸ਼ੁਦਾ ਖੈਰ ਦੇ ਦਰੱਖਤਾਂ ਦੀ ਤਸਕਰੀ ਨਾਲ ਸਬੰਧਤ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਰਹੇ ਹਨ। 
ਉਨ੍ਹਾਂ ਕਿਹਾ ਕਿ ਇਸ ਨਾਲ ਇਹ ਗੰਭੀਰ ਸ਼ੰਕਾ ਪੈਦਾ ਹੁੰਦੀ ਹੈ ਕਿ ਅਜਿਹੇ ਅਨਸਰਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੋ ਸਕਦੀ ਹੈ, ਜਿਸ ਕਾਰਨ ਇਲਾਕੇ ਵਿੱਚ ਨਸ਼ੇ ਅਤੇ ਨਾਜਾਇਜ਼ ਤਸਕਰੀ ਵਰਗੀਆਂ ਗਤੀਵਿਧੀਆਂ ਨੂੰ ਹੁਲਾਰਾ ਮਿਲ ਰਿਹਾ ਹੈ। ਇਹ ਸਥਿਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਾ ਵਿਰੋਧੀ ਮੁਹਿੰਮ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੀ ਗਈ ‘ਜ਼ੀਰੋ ਟੋਲਰੈਂਸ’ ਨੀਤੀ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।

ਜੋਸ਼ੀ ਨੇ ਕਿਹਾ ਕਿ ਵਿਧਾਇਕ ਅਨਮੋਲ ਗਗਨ ਮਾਨ ਨੂੰ ਜਨਤਕ ਤੌਰ 'ਤੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਅਜਿਹੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ, ਉਨ੍ਹਾਂ ਨਾਲ ਉਨ੍ਹਾਂ ਦੀ ਨੇੜਤਾ ਕਿਉਂ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ 'ਚ ਉਕਤ ਵਿਅਕਤੀ ਦਿਖਾਈ ਦੇ ਰਿਹਾ ਹੈ। ਸਭ ਤੋਂ ਅਹਿਮ ਤੱਥ ਇਹ ਹੈ ਕਿ ਇਹ ਤਸਵੀਰਾਂ ਅਤੇ ਵੀਡੀਓਜ਼ ਅਪ੍ਰੈਲ 2025 ਵਿੱਚ ਦਰਜ ਕੀਤੇ ਗਏ ਕੇਸ ਤੋਂ ਬਾਅਦ ਦੀਆਂ ਦੱਸੀਆਂ ਜਾ ਰਹੀਆਂ ਹਨ, ਜਿਸ ਨਾਲ ਕੁਦਰਤੀ ਤੌਰ 'ਤੇ ਜਨਤਾ ਦੇ ਮਨਾਂ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ।

ਜੋਸ਼ੀ ਨੇ ਕਿਹਾ ਕਿ ਤਹਿਸੀਲ ਖਰੜ ਦੇ ਪਿੰਡ ਮਸੋਲ ਦੇ ਸਰਪੰਚ ਬਿੰਦਰ ਸਿੰਘ ਖ਼ਿਲਾਫ਼ 17 ਅਪ੍ਰੈਲ 2025 ਨੂੰ ਦਰਜ ਹੋਈ ਇੱਕ ਐੱਫਆਈਆਰ ਵਿੱਚ ਉਸ ਨੂੰ ਕਥਿਤ ਤੌਰ ’ਤੇ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਜੇਲ੍ਹ ਵੀ ਗਿਆ ਅਤੇ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਹੋਇਆ। ਇਸ ਤੋਂ ਬਾਅਦ 5 ਜੂਨ 2026 ਨੂੰ ਦਰਜ ਹੋਈ ਇੱਕ ਹੋਰ ਐੱਫਆਈਆਰ ਅਨੁਸਾਰ ਪੁਲਸ ਨੇ ਉਸ ਨੂੰ ਸ਼ੱਕੀ ਹਾਲਾਤਾਂ ਵਿੱਚ ਹਿਰਾਸਤ ਵਿੱਚ ਲਿਆ, ਜਿੱਥੇ ਡੋਪ ਟੈਸਟ ਵਿੱਚ ਉਸ ਦੇ ਪਾਜ਼ੇਟਿਵ ਪਾਏ ਜਾਣ ਦੀ ਗੱਲ ਸਾਹਮਣੇ ਆਈ ਹੈ।

ਜੋਸ਼ੀ ਨੇ ਅੱਗੇ ਕਿਹਾ ਕਿ ਜਨਵਰੀ 2022 ਵਿੱਚ ਲੁਧਿਆਣਾ ਦੇ ਮੇਹਰਬਾਨ ਥਾਣੇ ਵਿੱਚ ਦਰਜ ਐੱਫਆਈਆਰ ਨੰਬਰ 6 ਵਿੱਚ ਵੀ ਬਿੰਦਰ ਸਿੰਘ ਦਾ ਨਾਮ ਕਥਿਤ ਤੌਰ ’ਤੇ ਖੈਰ ਦੇ ਕੱਟੇ ਹੋਏ ਰੁੱਖਾਂ ਦੀ ਤਸਕਰੀ ਨਾਲ ਸਬੰਧਤ ਮਾਮਲੇ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਕਾਲਕਾ ਇਲਾਕੇ ਵਿੱਚ ਵੀ ਉਸ ਦੇ ਖ਼ਿਲਾਫ਼ ਅਜਿਹੇ ਹੀ ਮਾਮਲਿਆਂ ਵਿੱਚ ਨਾਂ ਸਾਹਮਣੇ ਆਉਣ ਦੀਆਂ ਚਰਚਾਵਾਂ ਰਹੀਆਂ ਹਨ।

ਉਨ੍ਹਾਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਅਤੇ ਵਿਧਾਇਕ ਅਨਮੋਲ ਗਗਨ ਮਾਨ ਇਸ ਪੂਰੇ ਮਾਮਲੇ 'ਤੇ ਜਨਤਕ ਸਪੱਸ਼ਟੀਕਰਨ ਦੇਣ ਅਤੇ ਨਸ਼ਿਆਂ ਵਿਰੁੱਧ ਆਪਣੀ ਅਸਲੀ ਵਚਨਬੱਧਤਾ ਜਨਤਾ ਦੇ ਸਾਹਮਣੇ ਸਪੱਸ਼ਟ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News