ਮੋਹਾਲੀ ''ਚ ਉਦਯੋਗਿਕ ਰੇਟ ਸਿਖ਼ਰਾਂ ''ਤੇ, 2 ਸਾਲ ਬਾਅਦ ਹੋਈ ਨੀਲਾਮੀ ਨੇ ਬਣਾਇਆ ਇਤਿਹਾਸ
Tuesday, Jun 17, 2025 - 01:47 PM (IST)

ਮੋਹਾਲੀ : ਮੋਹਾਲੀ 'ਚ ਇੱਕ ਉਦਯੋਗਿਕ ਪਲਾਟ ਨੇ ਇਤਿਹਾਸਕ ਕੀਮਤ ਹਾਸਲ ਕਰਦਿਆਂ ਰਿਕਾਰਡ 1.65 ਲੱਖ ਰੁਪਏ ਪ੍ਰਤੀ ਵਰਗ ਗਜ਼ 'ਚ ਵਿਕਰੀ ਕੀਤੀ। ਇਹ ਨਿਲਾਮੀ ਪੰਜਾਬ ਸਟੇਟ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ. ਐੱਸ. ਆਈ. ਈ. ਸੀ.) ਵੱਲੋਂ ਕਰਵਾਈ ਗਈ ਸੀ, ਜੋ ਮੁਕੰਮਲ ਹੋਈ। ਇਹ ਕੀਮਤ 500 ਵਰਗ ਗਜ਼ ਦੇ ਉਦਯੋਗਿਕ ਪਲਾਟ ਲਈ ਕੁੱਲ 8.25 ਕਰੋੜ ਬਣਦੀ ਹੈ। ਇਹ ਨੀਲਾਮੀ ਕਰੀਬ ਸਾਢੇ 2 ਸਾਲ ਬਾਅਦ ਕਰਵਾਈ ਗਈ।
ਮਨਜ਼ੂਰਸ਼ੁਦਾ ਉਦਯੋਗਿਕ ਇਲਾਕਿਆਂ 'ਚ ਪਲਾਟਾਂ ਦੀ ਗਿਣਤੀ ਘੱਟ ਹੋਣ ਕਾਰਨ ਖ਼ਾਸ ਕਰਕੇ ਮੋਹਾਲੀ ਵਰਗੀਆਂ ਥਾਵਾਂ 'ਚ ਜਿੱਥੇ ਮੰਗ ਕਾਫੀ ਵੱਧ ਹੈ, ਉੱਥੇ ਬੋਲੀ ਰਿਕਾਰਡ 'ਤੇ ਪਹੁੰਚ ਗਈ। ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਦਿਲਪ੍ਰੀਤ ਸਿੰਘ ਬੋਪਰਾਏ ਨੇ ਦੱਸਿਆ ਕਿ ਮੋਹਾਲੀ 'ਚ ਮੰਗ ਅਤੇ ਉਪਲੱਬਧਤਾ ਵਿਚਾਲੇ ਭਾਰੀ ਅੰਤਰ ਕਾਰਨ ਹੀ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਮੋਹਾਲੀ ਦੇ ਨੇੜੇ ਨਵੇਂ ਉਦਯੋਗਿਕ ਇਲਾਕਿਆਂ ਦੇ ਵਿਕਾਸ ਲਈ ਜ਼ਮੀਨ ਦਾ ਰਿਜ਼ਰਵ ਬਣਾਇਆ ਜਾਵੇ। ਉਦਯੋਗ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਹਾਲੇ ਨਿਲਾਮੀ ਦੀ ਪੂਰੀ ਕਾਰਵਾਈ ਦਾ ਡਾਟਾ ਵਿਸ਼ਲੇਸ਼ਣ ਕਰ ਰਹੇ ਹਾਂ। 2-3 ਦਿਨਾਂ 'ਚ ਨੀਲਾਮੀ ਦੀ ਪੂਰੀ ਵੇਰਵਾ ਜਨਤਕ ਕੀਤਾ ਜਾਵੇਗਾ।