ਕਈ ਸੂਬਿਆਂ ਦੇ ਨੌਜਵਾਨਾਂ ਨਾਲ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ, ਗਿਰੋਹ ਖ਼ਿਲਾਫ਼ 5000 ਸ਼ਿਕਾਇਤਾਂ
Monday, Dec 26, 2022 - 11:56 AM (IST)
ਚੰਡੀਗੜ੍ਹ (ਸੁਸ਼ੀਲ) : ਨੌਜਵਾਨਾਂ ਨੂੰ ਆਨਲਾਈਨ ਨੌਕਰੀਆਂ ਦਿਵਾਉਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦੇ 16 ਮੈਂਬਰਾਂ ਨੇ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਸਭ ਤੋਂ ਵੱਧ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪੂਰੇ ਭਾਰਤ ਵਿਚ ਉਨ੍ਹਾਂ ਖ਼ਿਲਾਫ਼ ਪੁਲਸ ਕੋਲ 4935 ਸ਼ਿਕਾਇਤਾਂ ਆਈਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਵਿਚ ਇਸ ਗਿਰੋਹ ਖ਼ਿਲਾਫ਼ 286 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਇਹ ਖੁਲਾਸਾ ਸਾਈਬਰ ਸੈੱਲ ਨੇ ਗ੍ਰਹਿ ਮੰਤਰਾਲੇ (ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰਲ) ਦੀ ਰਿਪੋਰਟ ਤੋਂ ਬਾਅਦ ਕੀਤਾ ਹੈ।
ਜਾਂਚ ਵਿਚ ਸਾਹਮਣੇ ਆਇਆ ਕਿ ਸਭ ਤੋਂ ਵੱਧ ਸ਼ਿਕਾਇਤਾਂ ਉੱਤਰ ਪ੍ਰਦੇਸ਼ ਦੀਆਂ 1416, ਰਾਜਸਥਾਨ ’ਚ 537, ਦਿੱਲੀ ’ਚ 355, ਤੇਲੰਗਾਨਾ ’ਚ 348 ਅਤੇ ਗੁਜਰਾਤ ਦੀਆਂ 322 ਹਨ, ਜਿਨ੍ਹਾਂ ਦੀ ਜਾਂਚ ਵਿਚ ਪੁਲਸ ਜੁਟੀ ਹੋਈ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਗਿਰੋਹ ਦੇ ਮੈਂਬਰ ਹੁਣ ਤਕ ਬਹੁਤ ਸਾਰੇ ਨੌਜਵਾਨਾਂ ਨਾਲ ਨੌਕਰੀ ਦਿਵਾਉਣ ਦੇ ਨਾਂ ’ਤੇ 50 ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਹਨ।
ਮੰਗਲੋਪੁਰੀ ’ਚ ਚੱਲਦਾ ਸੀ ਫਰਜ਼ੀ ਕਾਲ ਸੈਂਟਰ
ਸਾਈਬਰ ਸੈੱਲ ਨੇ 7 ਅਗਸਤ ਨੂੰ ਨੌਕਰੀ ਦਿਵਾਉਣ ਦੇ ਨਾਂ ’ਤੇ ਧੋਖਾਦੇਹੀ ਕਰਨ ਵਾਲੇ ਗਿਰੋਹ ਖ਼ਿਲਾਫ਼ ਪਰਚਾ ਦਰਜ ਕੀਤਾ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਦਿਆਂ ਗਿਰੋਹ ਦੇ 16 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਵੀਂ ਦਿੱਲੀ ਦੇ ਮੰਗੋਲਪੁਰੀ ਵਿਚ ਇਕ ਘਰ ਵਿਚ ਜਾਅਲੀ ਨੌਕਰੀ ਦਾ ਕਾਲ ਸੈਂਟਰ ਬਣਾ ਕੇ ਦੇਸ਼ ਭਰ ਦੇ ਨੌਜਵਾਨਾਂ ਨਾਲ ਠੱਗੀ ਮਾਰੀ ਗਈ ਸੀ। ਸਾਈਬਰ ਸੈੱਲ ਨੇ ਮੁਲਜ਼ਮਾਂ ਕੋਲੋਂ 25 ਮੋਬਾਇਲ ਫੋਨ, 35 ਡੈਬਿਟ ਕਾਰਡ, 80 ਚੈੱਕ ਬੁੱਕ/ਪਾਸ ਬੁੱਕ, 12 ਜਾਅਲੀ ਆਧਾਰ ਕਾਰਡ, 8 ਜਾਅਲੀ ਪੈਨ ਕਾਰਡ, 1 ਮੌਡਮ ਅਤੇ 2 ਲੈਪਟਾਪ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਮੋਹਿਤ ਮੰਗੋਲਪੁਰੀ, ਨਵੀਂ ਦਿੱਲੀ ਦੇ ਰਿਚਰਡ ਦਾਸ, ਜੁੱਤੀਆਂ ਦੀ ਕੰਪਨੀ ਵਿਚ ਕੰਮ ਕਰਦੇ ਰਾਜ ਕੁਮਾਰ ਅਤੇ ਪੱਛਮੀ ਦਿੱਲੀ ਦੇ ਵਿਨੇ (22) ਵਜੋਂ ਹੋਈ। ਮੁਲਜ਼ਮ ਰਾਜ ਕੁਮਾਰ ਅਤੇ ਵਿਨੇ ਕੁਮਾਰ ਗਿਰੋਹ ਦੇ ਸਰਗਣਾ ਸਨ।