ਟੋਰਾਂਟੋ, ਪੀਲ ਖੇਤਰ ਨੇ ਵਿਦਿਆਰਥੀਆਂ ਲਈ ਸਖ਼ਤ ਕੀਤੇ ਇਹ ਨਿਯਮ
Saturday, Dec 05, 2020 - 10:52 PM (IST)
ਟੋਰਾਂਟੋ— ਟੋਰਾਂਟੋ ਅਤੇ ਪੀਲ ਖੇਤਰ ਨੇ ਕੋਵਿਡ-19 ਲੱਛਣਾਂ ਦੀ ਸੂਚੀ 'ਚ ਇਕ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਮਾੜੇ-ਮੋਟੇ ਲੱਛਣ ਹੋਣ 'ਤੇ ਵੀ ਘਰ ਰਹਿਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਟੋਰਾਂਟੋ ਪਬਲਿਕ ਹੈਲਥ ਤੇ ਪੀਲ ਪਬਲਿਕ ਹੈਲਥ ਨਵਾਂ ਨਿਯਮ ਲਾਗੂ ਕਰਨ ਜਾ ਰਹੇ ਹਨ। ਇਸ ਤਹਿਤ 7 ਦਸੰਬਰ ਤੋਂ ਇਕ ਜਾਂ ਵਧੇਰੇ ਲੱਛਣਾਂ ਵਾਲੇ ਵਿਦਿਆਰਥੀਆਂ ਨੂੰ ਘਰ ਹੀ ਰਹਿਣਾ ਹੋਵੇਗਾ ਅਤੇ ਕੋਰੋਨਾ ਟੈਸਟ ਵੀ ਕਰਾਉਣਾ ਹੋਵੇਗਾ। ਇਸ 'ਚ ਵਗਦੀ ਨੱਕ ਜਾਂ ਗਲੇ 'ਚ ਦਰਦ ਵਾਲੇ ਛੋਟੇ ਲੱਛਣ ਵੀ ਸ਼ਾਮਲ ਹੋਣਗੇ।
ਓਂਟਾਰੀਓ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਇਸ ਵੇਲੇ ਵਗਦੀ ਨੱਕ ਜਾਂ ਗਲ਼ੇ ਦੀ ਸੋਜ ਵਾਲੇ ਵਿਦਿਆਰਥੀਆਂ ਨੂੰ 24 ਘੰਟੇ ਘਰ ਰਹਿਣ ਦੀ ਜ਼ਰੂਰਤ ਹੈ ਪਰ ਜੇਕਰ ਲੱਛਣ 'ਚ ਸੁਧਾਰ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਸਕੂਲ ਵਾਪਸੀ ਲਈ ਕੋਵਿਡ-19 ਟੈਸਟ ਦੀ ਜ਼ਰੂਰਤ ਨਹੀਂ ਹੁੰਦੀ।
ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਦਿਆਰਥੀ 'ਚ ਕੋਵਿਡ-19 ਦਾ ਇਕ ਵੀ ਲੱਛਣ ਹੈ ਤਾਂ ਉਸ ਨੂੰ ਹੁਣ ਘਰ ਰਹਿਣਾ ਹੋਵੇਗਾ, ਖ਼ੁਦ ਨੂੰ ਇਕਾਂਤਵਾਸ ਕਰਨਾ ਹੋਵੇਗਾ ਅਤੇ ਨਾਲ ਹੀ ਕੋਵਿਡ-19 ਟੈਸਟ ਵੀ ਕਰਾਉਣਾ ਹੋਵੇਗਾ। ਇੰਨਾ ਹੀ ਨਹੀਂ ਜੇਕਰ ਉਹ ਇਕੋ ਪਰਿਵਾਰ 'ਚ ਭੈਣ-ਭਰਾਵਾਂ ਨਾਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਵੀ ਸੈਲਫ-ਆਈਸੋਲੇਟ ਹੋਣਾ ਹੋਵੇਗਾ, ਭਾਵੇਂ ਕਿ ਪਰਿਵਾਰ ਦੇ ਹੋਰ ਮੈਂਬਰਾਂ 'ਚ ਕੋਈ ਲੱਛਣ ਨਾ ਵੀ ਹੋਵੇ। ਜੇਕਰ ਕੋਈ ਹਲਕੇ ਲੱਛਣ ਵਾਲਾ ਵਿਦਿਆਰਥੀ ਕੋਵਿਡ-19 ਟੈਸਟ ਨਹੀਂ ਕਰਾਉਂਦਾ ਹੈ ਤਾਂ ਉਸ ਨੂੰ 10 ਦਿਨਾਂ ਲਈ ਘਰ ਰਹਿਣਾ ਹੋਵੇਗਾ, ਬੇਸ਼ੱਕ ਲੱਛਣ ਠੀਕ ਹੋ ਗਏ ਹੋਣ। ਇਸੇ ਤਰ੍ਹਾਂ ਦੇ ਨਿਯਮ ਪੀਲ ਰੀਜ਼ਨ 'ਚ ਵੀ ਹੋਣਗੇ, ਜਿਨ੍ਹਾਂ ਦਾ ਨੱਕ ਵਗਦਾ ਜਾਂ ਗਲੇ 'ਚ ਦਰਦ ਹੈ ਉਹ ਵਿਦਿਆਰਥੀ ਜਾਂ ਤਾਂ ਕੋਵਿਡ-19 ਟੈਸਟ ਕਰਾਉਣਗੇ ਜਾਂ 10 ਦਿਨਾਂ ਲਈ ਇਕਾਂਤਵਾਸ ਰਹਿਣਾ ਹੋਵੇਗਾ (ਸਾਰੇ ਘਰੇਲੂ ਮੈਂਬਰਾਂ ਸਮੇਤ ਜੇਕਰ ਟੈਸਟ ਨਹੀਂ ਕਰਾਇਆ ਜਾਂਦਾ)।