ਓਂਟਾਰੀਓ ਦਾ ਵਿਵਾਦਾਂ ''ਚ ਘਿਰੀ WE ਚੈਰਿਟੀ ਨਾਲ ਸਮਝੌਤਾ ਤੋੜਨ ਦਾ ਐਲਾਨ

08/03/2020 3:10:19 PM

ਟੋਰਾਂਟੋ— ਕੈਨੇਡਾ ਦੀ ਸੰਘੀ ਸਰਕਾਰ ਵੱਲੋਂ 900 ਮਿਲੀਅਨ ਡਾਲਰ ਦੇ ਵਿਦਿਆਰਥੀ ਗ੍ਰਾਂਟ ਪ੍ਰੋਗਰਾਮ ਨੂੰ ਚਲਾਉਣ ਲਈ ਡਬਲਿਊ. ਈ. ਚੈਰਿਟੀ ਨੂੰ ਚੁਣੇ ਜਾਣ ਪਿੱਛੋਂ ਛਿੜਿਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਨਾਲ ਨੇੜਲੇ ਸੰਬੰਧਾਂ ਕਾਰਨ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਹੈ, ਉੱਥੇ ਹੀ ਇਸ ਵਿਚਕਾਰ ਓਂਟਾਰੀਓ ਸਰਕਾਰ ਨੇ ਡਬਲਿਊ. ਈ. ਨਾਲ ਸਮਝੌਤੇ ਨੂੰ ਖਤਮ ਕਰਨ ਦਾ ਫ਼ੈਸਲਾ ਕੀਤਾ ਹੈ।

ਓਂਟਾਰੀਓ ਦੇ ਸਿੱਖਿਆ ਮੰਤਰਾਲਾ ਦਾ ਕਹਿਣਾ ਹੈ ਕਿ ਉਸ ਨੂੰ ਡਬਲਿਊ. ਈ. ਨਾਲ ਆਪਣੇ ਇਕਰਾਰਨਾਮੇ ਦਾ ਨਵੀਨੀਕਰਨ ਨਾ ਕਰਨ ਅਤੇ ਸੰਗਠਨ 'ਤੇ ਖਰਚਿਆਂ ਦੀ ਪੜਤਾਲ ਕਰਨ ਲਈ ਕਿਹਾ ਗਿਆ ਹੈ।

ਗੌਰਤਲਬ ਹੈ ਕਿ 9 ਜੁਲਾਈ ਨੂੰ ਇਹ ਗੱਲ ਸਾਹਮਣੇ ਆਈ ਕਿ ਟਰੂਡੋ ਦੀ ਮਾਂ ਮਾਰਗੇਟ ਨੂੰ ਡਬਲਿਊ. ਈ. ਦੇ 28 ਸਮਾਗਮਾਂ 'ਚ ਬੋਲਣ ਲਈ ਲਗਭਗ 2,50,000 ਡਾਲਰ ਦਾ ਭੁਗਤਾਨ ਕੀਤਾ ਗਿਆ ਸੀ, ਜਦੋਂ ਕਿ ਉਨ੍ਹਾਂ ਦੇ ਭਰਾ ਅਲੈਗਜ਼ੈਂਡਰੇ ਨੂੰ 8 ਸਮਾਗਮਾਂ 'ਚ ਸ਼ਾਮਲ ਹੋਣ 'ਤੇ ਲਗਭਗ 32,000 ਡਾਲਰ ਮਿਲੇ ਸਨ। ਸ਼ੁਰੂ 'ਚ, ਡਬਲਿਊ. ਈ. ਚੈਰੀਟੀ ਇਹ ਕਹਿੰਦੀ ਰਹੀ ਹੈ ਕਿ ਟਰੂਡੋ ਪਰਿਵਾਰ ਦੇ ਮੈਂਬਰਾਂ ਨੂੰ ਡਬਲਿਊ. ਈ. ਦੇ ਸਮਾਗਮਾਂ 'ਚ ਆਉਣ ਲਈ ਅਦਾਇਗੀ ਨਹੀਂ ਕੀਤੀ ਗਈ ਸੀ।
ਡਬਲਿਊ. ਈ. ਚੈਰੀਟੀ ਦੀ ਸ਼ੁਰੂਆਤ 1995 'ਚ ਹੋਈ ਸੀ। ਇਹ ਡਬਲਿਊ. ਈ. ਦੀ ਇਕ ਗੈਰ-ਮੁਨਾਫਾ ਇਕਾਈ ਹੈ, ਜੋ ਕਿ ਕੈਨੇਡਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਦਿਅਕ ਅਤੇ ਸਮਾਜਿਕ ਨਿਆਂ ਪ੍ਰੋਗਰਾਮਾਂ ਦਾ ਸੰਚਾਲਨ ਕਰਦੀ ਹੈ। ਕੈਨੇਡਾ ਸਰਕਾਰ ਵੱਲੋਂ ਬਿਨਾਂ ਕਿਸੇ ਮੁਕਾਬਲੇਬਾਜ਼ੀ ਦੇ ਡਬਲਿਊ. ਈ. ਚੈਰਿਟੀ ਨੂੰ ਪ੍ਰੋਗਰਾਮ ਚਲਾਉਣ ਲਈ ਚੁਣੇ ਜਾਣ ਕਾਰਨ ਇਹ ਵਿਵਾਦਾਂ 'ਚ ਘਿਰ ਗਈ। ਫਿਲਹਾਲ ਇਸ ਦੀ ਜਾਂਚ ਚੱਲ ਰਹੀ ਹੈ।


Sanjeev

Content Editor

Related News