ਸਰਕਾਰੀ ਬੈਂਕਾਂ ''ਚ ਹੈ ਖਾਤਾ, ਤਾਂ ਸੋਮਵਾਰ ਨੂੰ ਹੀ ਕਰ ਲਓ ਜ਼ਰੂਰੀ ਕੰਮ!

08/21/2017 7:45:22 AM

ਨਵੀਂ ਦਿੱਲੀ— ਜਨਤਕ ਖੇਤਰ ਦੇ ਬੈਂਕਾਂ 'ਚ ਮੰਗਲਵਾਰ ਨੂੰ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਬੈਂਕਾਂ ਦੇ ਰਲੇਂਵੇ ਖਿਲਾਫ ਅਤੇ ਕੁਝ ਹੋਰ ਮੰਗਾਂ ਦੇ ਸਮਰਥਨ 'ਚ ਬੈਂਕ ਸੰਗਠਨਾਂ ਨੇ 22 ਅਗਸਤ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਹਾਲਾਂਕਿ, ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਐਕਸਿਸ ਅਤੇ ਕੋਟਕ ਮਹਿੰਦਰਾ ਬੈਂਕ 'ਚ ਕੰਮਕਾਜ ਆਮ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਇਨ੍ਹਾਂ ਬੈਂਕਾਂ 'ਚ ਚੈੱਕ ਖੁੱਲ੍ਹਾਉਣ 'ਚ ਦੇਰੀ ਹੋ ਸਕਦੀ ਹੈ।
ਸਰਬ ਭਾਰਤੀ ਬੈਂਕ ਅਫਸਰ ਸੰਘ (ਏ. ਆਈ. ਬੀ. ਓ. ਸੀ.) ਦੇ ਜਨਰਲ ਸਕੱਤਰ ਡੀ. ਟੀ. ਫ੍ਰੈਂਕੋ ਨੇ ਕਿਹਾ ਕਿ ਮੁੱਖ ਲੇਬਰ ਕਮਿਸ਼ਨਰ ਦੇ ਨਾਲ ਬੈਠਕ 'ਚ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ ਅਤੇ ਨਾ ਹੀ ਸਰਕਾਰ ਅਤੇ ਬੈਂਕਾਂ ਦੇ ਪ੍ਰਬੰਧਨ ਵੱਲੋਂ ਕੋਈ ਭਰੋਸਾ ਮਿਲਿਆ ਹੈ। ਹੁਣ ਬੈਂਕ ਸੰਗਠਨਾਂ ਕੋਲ ਹੜਤਾਲ 'ਤੇ ਜਾਣ ਦੇ ਇਲਾਵਾ ਕੋਈ ਬਦਲ ਨਹੀਂ ਹੈ। ਮੰਗਲਵਾਰ ਨੂੰ ਦੇਸ਼ ਭਰ 'ਚ ਬੈਂਕਾਂ ਨਾਲ ਜੁੜੇ 9 ਸੰਗਠਨ ਹੜਤਾਲ 'ਤੇ ਜਾਣਗੇ। ਇਸ ਨਾਲ ਜੁੜੇ ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ (ਏ. ਆਈ. ਬੀ. ਈ. ਏ.) ਦੇ ਜਨਰਲ ਸਕੱਤਰ ਸੀ. ਐੱਚ. ਵੈਂਕਟਚਲਮ ਨੇ ਕਿਹਾ ਕਿ ਸਾਡੀਆਂ ਮੰਗਾਂ 'ਚ ਫਸੇ ਕਰਜ਼ਿਆਂ ਦੀ ਸਖਤੀ ਨਾਲ ਵਸੂਲੀ, ਸੰਸਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ, ਬੇਕਾਰ ਮੰਨੇ ਜਾ ਚੁੱਕੇ ਕਰਜ਼ੇ ਦੀ ਵਸੂਲੀ ਲਈ ਸਖਤ ਕਦਮ ਚੁੱਕਣੇ, ਬੋਰਡ ਬਿਊਰੋ ਨੂੰ ਖਤਮ ਕਰਨਾ, ਵੱਡੇ ਬਕਾਏਦਾਰਾਂ ਨੂੰ ਅਪਰਾਧੀ ਐਲਾਨ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੈਂਕਾਂ ਨੂੰ ਕਾਰਪੋਰੇਟ ਫਸੇ ਕਰਜ਼ਿਆਂ ਦਾ ਬੋਝ ਫੀਸ ਵਧਾ ਕੇ ਗਾਹਕਾਂ 'ਤੇ ਨਹੀਂ ਪਾਉਣਾ ਚਾਹੀਦਾ।


Related News