PAN ਦੀ ਥਾਂ ਕਰਨ ਵਾਲੇ ਹੋ ਆਧਾਰ ਦਾ ਇਸਤੇਮਾਲ, ਤਾਂ ਜਾਣ ਲਓ ਨਿਯਮ

Wednesday, Dec 04, 2019 - 11:52 AM (IST)

PAN ਦੀ ਥਾਂ ਕਰਨ ਵਾਲੇ ਹੋ ਆਧਾਰ ਦਾ ਇਸਤੇਮਾਲ, ਤਾਂ ਜਾਣ ਲਓ ਨਿਯਮ

ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਪੈਨ-ਆਧਾਰ ਦੀ ਅਦਲਾ-ਬਦਲੀ ਦੇ ਨਿਯਮਾਂ ਨੂੰ ਨੋਟੀਫਾਈਡ ਕਰ ਦਿੱਤਾ ਹੈ। ਹਾਲਾਂਕਿ, ਜੋ ਲੋਕ ਪੈਨ ਨੰਬਰ ਦੇ ਬਦਲੇ ਆਧਾਰ ਨੰਬਰ ਨੂੰ ਵਰਤਣ ਦੀ ਯੋਜਨਾ ਬਣਾ ਰਹੇ ਹਨ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਨਕਮ ਟੈਕਸ ਜਮ੍ਹਾ ਕਰਵਾਉਂਦੇ ਸਮੇਂ ਜੇਕਰ ਪੈਨ ਦੀ ਜਗ੍ਹਾ ਆਧਾਰ ਨੰਬਰ ਦਾ ਇਸਤੇਮਾਲ ਕਰਨ ਵਾਲੇ ਹੋ ਤਾਂ ਇਕ ਗਲਤੀ ਤੁਹਾਨੂੰ ਕਾਫੀ ਮਹਿੰਗੀ ਪੈ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਇਨਕਮ ਟੈਕਸ ਵਿਭਾਗ ਗਲਤ ਪੈਨ ਨੰਬਰ ਜਾਂ ਆਧਾਰ ਨੰਬਰ ਦੇਣ ਦੇ ਮਾਮਲੇ 'ਚ 10,000 ਰੁਪਏ ਤਕ ਦਾ ਜੁਰਮਾਨਾ ਲਾ ਸਕਦਾ ਹੈ।

 

ਇੰਨਾ ਹੀ ਨਹੀਂ ਗਲਤ ਪੈਨ/ਆਧਾਰ ਨੰਬਰ ਨੂੰ ਕੋਟ ਕਰਨ 'ਤੇ ਹਰ ਵਾਰ ਇਹ ਜੁਰਮਾਨਾ ਲਗਾਇਆ ਜਾ ਸਕਦਾ ਹੈ। ਸਰਕਾਰ ਨੇ ਬਜਟ 'ਚ ਇਨਕਮ ਟੈਕਸ ਕਾਨੂੰਨ ਦੀ ਧਾਰਾ 272ਬੀ 'ਚ ਸੋਧ ਕੀਤਾ ਸੀ। ਇਸ ਲਈ ਤੁਹਾਨੂੰ ਪੈਨ ਦੇ ਬਦਲੇ ਆਧਾਰ ਨੰਬਰ ਜਾਂ ਪੈਨ ਜਾਂ ਆਧਾਰ ਨੰਬਰ ਦੀ ਜਾਣਕਾਰੀ ਦਿੰਦੇ ਹੋਏ ਸਾਵਧਾਨ ਰਹਿਣਾ ਚਾਹੀਦਾ ਹੈ।

ਇਨਕਮ ਟੈਕਸ ਕਾਨੂੰਨ ਦੀ ਧਾਰਾ 272ਬੀ ਮੁਤਾਬਕ, ਜੇਕਰ ਕਿਸੇ ਵੱਲੋਂ ਕੋਟ ਕੀਤਾ ਪੈਨ ਜਾਂ ਆਧਾਰ ਨੰਬਰ ਗਲਤ ਹੈ ਤਾਂ ਮੁਲਾਂਕਣ ਅਧਿਕਾਰੀ ਹਰ ਵਾਰ ਗਲਤ ਪੈਨ/ਆਧਾਰ ਨੰਬਰ ਲਾਉਣ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਹਰ ਵਾਰ ਲਾ ਸਕਦਾ ਹੈ।

ਜੁਰਮਾਨੇ ਦੀ ਇਹ ਵਿਵਸਥਾ ਉਨ੍ਹਾਂ ਥਾਵਾਂ 'ਤੇ ਲਾਗੂ ਹੁੰਦੀ ਹੈ, ਜਿੱਥੇ ਪੈਨ ਦੀ ਜਗ੍ਹਾ ਤੁਸੀਂ ਆਧਾਰ ਨੰਬਰ ਦਾ ਇਸਤੇਮਾਲ ਕਰ ਰਹੇ ਹੋ ਤੇ ਜਿੱਥੇ ਇਨਕਮ ਟੈਕਸ ਦੇ ਨਿਯਮਾਂ ਮੁਤਾਬਕ ਪੈਨ ਨੰਬਰ ਦੇਣਾ ਲਾਜ਼ਮੀ ਹੈ। ਇਸ ਤੋਂ ਪਹਿਲਾਂ ਜੁਰਮਾਨਾ ਸਿਰਫ ਪੈਨ ਤਕ ਸੀਮਤ ਸੀ ਪਰ ਸਤੰਬਰ 'ਚ 'ਪੈਨ-ਆਧਾਰ' ਅਦਲਾ-ਬਦਲੀ ਦੀ ਵਿਵਸਥਾ ਲਾਗੂ ਹੋਣ ਨਾਲ ਇਹ 'ਆਧਾਰ' 'ਤੇ ਵੀ ਲਾਗੂ ਹੋ ਚੁੱਕਾ ਹੈ, ਯਾਨੀ ਜਿੱਥੇ ਪੈਨ ਜ਼ਰੂਰੀ ਹੈ ਉਸ ਦੇ ਬਦਲੇ ਉੱਥੇ ਗਲਤ ਆਧਾਰ ਨੰਬਰ ਦੇਣਾ ਮਹਿੰਗਾ ਪਵੇਗਾ।


Related News