ਦੁਨੀਆ ਦੀਆਂ ਚੋਟੀ ਦੀਆਂ 20 ਬੰਦਰਗਾਹਾਂ ’ਚ ਭਾਰਤ ਦੀ ਇਕ ਵੀ ਨਹੀਂ, ਸਰਕਾਰ ਨੇ ਗਲੋਬਲ ਟ੍ਰੇਡ ਹੱਬ ਬਣਾਉਣ ਲਈ ਖਿੱਚੀ ਤਿਆ
Friday, Feb 06, 2026 - 04:38 PM (IST)
ਬਿਜ਼ਨੈੱਸ ਡੈਸਕ (ਵੰਦਨਾ ਡਾਲੀਆ) - ਭਾਰਤ ਦੇ ਸਮੁੰਦਰੀ ਅਤੇ ਲਾਜਿਸਟਿਕਸ ਇਨਫ੍ਰਾਸਟਰੱਕਚਰ ਨੂੰ ਮਜ਼ਬੂਤੀ ਦੇਣ ਲਈ ਜਵਾਹਰਲਾਲ ਨਹਿਰੂ ਪੋਰਟ ਅਥਾਰਟੀ (ਜੇ. ਐੱਨ. ਪੀ. ਏ. ) ਨੇ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ’ਚ ਪ੍ਰਸਤਾਵਿਤ ਵਾਢਵਣ ਬੰਦਰਗਾਹ ਦੇ ਵਿਕਾਸ ਅਤੇ ਬੰਦਰਗਾਹ ਬੁਨਿਆਦੀ ਢਾਂਚਾ ਵਿਸਤਾਰ ਲਈ 2.2 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਈ ਮੰਗ-ਪੱਤਰਾਂ (ਐੱਮ. ਓ. ਯੂ.) ’ਤੇ ਦਸਤਖ਼ਤ ਕੀਤੇ ਹਨ। ਇਹ ਪ੍ਰਾਜੈਕਟ ਸਾਲ 2034 ਤੱਕ ਪੂਰਾ ਕੀਤੇ ਜਾਣ ਦਾ ਅੰਦਾਜ਼ਾ ਹੈ ਅਤੇ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਇਹ ਬੰਦਰਗਾਹ ਦੁਨੀਆ ਦੀਆਂ ਚੋਟੀ ਦੀਆਂ 10 ਬੰਦਰਗਾਹਾਂ ’ਚ ਸ਼ਾਮਲ ਹੋ ਜਾਵੇਗੀ। ਇਸ ਨਾਲ ਵਿਦੇਸ਼ੀ ਬੰਦਰਗਾਹਾਂ ’ਤੇ ਨਿਰਭਰਤਾ ਘਟੇਗੀ ਅਤੇ ਸਮੇਂ ਤੇ ਲਾਗਤ ਦੀ ਬੱਚਤ ਹੋਵੇਗੀ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ
ਫਿਲਹਾਲ ਭਾਰਤ ਦੀ ਕੋਈ ਬੰਦਰਗਾਹ ਚੋਟੀ ਦੀਆਂ 20 ’ਚ ਵੀ ਸ਼ਾਮਲ ਨਹੀਂ ਹੈ। ਭਾਰਤ ਦੀ ਜੇ. ਐੱਨ. ਪੀ. ਏ. ਗਲੋਬਲ ਰੈਂਕਿੰਗ ’ਚ 23ਵੇਂ ਨੰਬਰ ’ਤੇ ਆਉਂਦੀ ਹੈ, ਜਦਕਿ ਦੁਨੀਆ ਦੀਆਂ ਚੋਟੀ ਦੀਆਂ 10 ਬੰਦਰਗਾਹਾਂ ’ਚੋਂ 6 ਬੰਦਰਗਾਹਾਂ ਚੀਨ ’ਚ ਹਨ। ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਭਾਰਤ ਦੀ ਗਲੋਬਲ ਗੁੱਡਸ ਬਰਾਮਦ ’ਚ ਹਿੱਸੇਦਾਰੀ ਵੀ 2 ਤੋਂ ਵਧ ਕੇ 3 ਫੀਸਦੀ ਹੋ ਸਕਦੀ ਹੈ, ਇਸ ਤੋਂ ਪਹਿਲਾਂ ਸਾਲ 2005 ’ਚ ਗਲੋਬਲ ਗੁੱਡਸ ਬਰਾਮਦ ’ਚ ਭਾਰਤ ਦੀ ਹਿੱਸੇਦਾਰੀ 1 ਫੀਸਦੀ ਸੀ, ਲਿਹਾਜ਼ਾ ਅਜੇ ਇਸ ਦਿਸ਼ਾ ’ਚ ਬਹੁਤ ਕੰਮ ਕੀਤੇ ਜਾਣ ਦੀ ਲੋੜ ਹੈ।
76,220 ਕਰੋੜ ਰੁਪਏ ਦੀ ਹੈ ਲਾਗਤ
ਪ੍ਰੈੱਸ ਇਨਫਾਰਮੇਸ਼ਨ ਬਿਊਰੋ ਨੇ ਦੇਸ਼ ਦੀਆਂ ਮਹਿਲਾ ਪੱਤਰਕਾਰਾਂ ਨੂੰ ਇਸ ਬੰਦਰਗਾਹ ਦਾ ਦੌਰਾ ਕਰਵਾਇਆ ਅਤੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸਮੇਂ ’ਚ ਇਸ ਬੰਦਰਗਾਹ ਰਾਹੀਂ ਵਧਣ ਵਾਲੇ ਭਾਰਤ ਦੇ ਪ੍ਰਭਾਵ ਬਾਰੇ ਵੀ ਦੱਸਿਆ। ਪੂਰੇ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 76,220 ਕਰੋੜ ਰੁਪਏ ਹੈ ਅਤੇ ਇਸ ਦੀ ਪ੍ਰਸਤਾਵਿਤ ਸਮਰੱਥਾ 298 ਮਿਲੀਅਨ ਟਨ ਪ੍ਰਤੀ ਸਾਲ ਹੈ, ਜਿਸ ’ਚ 9.87 ਮਿਲੀਅਨ ਟੀ. ਈ. ਯੂ. ਕੰਟੇਨਰ ਸਮਰੱਥਾ ਸ਼ਾਮਲ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਸ ਪ੍ਰਾਜੈਕਟ ਦੇ ਪ੍ਰਮੁੱਖ ਸਮਝੌਤਿਆਂ ’ਚ ਅਡਾਣੀ ਪੋਰਟਸ ਐਂਡ ਸਪੈਸ਼ਲ ਇਕਾਨਮਿਕ ਜ਼ੋਨ ਲਿਮਟਿਡ ਨਾਲ ਕਰਾਰ ਸ਼ਾਮਲ ਹੈ, ਜਿਸ ਤਹਿਤ ਵਾਢਵਣ ਬੰਦਰਗਾਹ ’ਤੇ ਲੱਗਭਗ 26,500 ਕਰੋੜ ਰੁਪਏ ਦੇ ਆਫਸ਼ੋਰ ਪ੍ਰਾਜੈਕਟ ਅਤੇ 25,000 ਕਰੋੜ ਰੁਪਏ ਦੇ ਕੰਟੇਨਰ ਟਰਮੀਨਲ ਵਿਕਸਤ ਕੀਤੇ ਜਾਣਗੇ। ਉੱਥੇ ਹੀ, ਇੰਡੀਅਨ ਰੇਲਵੇ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ ਨਾਲ 20,000 ਕਰੋੜ ਰੁਪਏ ਦਾ ਸਮਝੌਤਾ ਵਾਢਵਣ ਬੰਦਰਗਾਹ ਪ੍ਰਾਜੈਕਟ ਲਈ ਵਿੱਤੀ ਸਹਾਇਤਾ ਯਕੀਨੀ ਬਣਾਏਗਾ। ਇਸ ਤੋਂ ਇਲਾਵਾ, ਐਵਰਗ੍ਰੀਨ ਮੈਰੀਨ ਕਾਰਪੋਰੇਸ਼ਨ ਅਤੇ ਗਲਫ਼ਟੇਨਰ ਕੰਪਨੀ ਨਾਲ ਕ੍ਰਮਵਾਰ 10,000 ਕਰੋੜ ਰੁਪਏ ਅਤੇ 4,000 ਕਰੋੜ ਰੁਪਏ ਦੇ ਨਿਵੇਸ਼ ਲਈ ਸਮਝੌਤੇ ਕੀਤੇ ਗਏ ਹਨ, ਜਿਨ੍ਹਾਂ ਤਹਿਤ ਵਾਢਵਣ ਬੰਦਰਗਾਹ ’ਤੇ ਆਧੁਨਿਕ ਟਰਮੀਨਲਾਂ ਦਾ ਵਿਕਾਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 1980 ਤੋਂ ਬਾਅਦ ਪਹਿਲਾ ਝਟਕਾ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅਚਾਨਕ ਆਈ ਵੱਡੀ ਗਿਰਾਵਟ, ਜਾਣੋ ਕਾਰਨ
ਈਕੋ-ਫ੍ਰੈਂਡਲੀ ਸਿਸਟਮ ਨਾਲ ਬਣੇਗੀ 100 ਫੀਸਦੀ ਗ੍ਰੀਨ ਬੰਦਰਗਾਹ
ਭਾਰਤ ਦੀ 13ਵੀਂ ਪ੍ਰਮੁੱਖ ਬੰਦਰਗਾਹ, ਵਾਢਵਣ ਮਹਾਰਾਸ਼ਟਰ ਦੇ ਪਾਲਘਰ ਜ਼ਿਲਾ ’ਚ ਸਥਿਤ ਦਹਾਣੂ (ਵਾਢਵਣ ਤੱਟ) ’ਤੇ ਬਣਾਈ ਜਾ ਰਹੀ ਹੈ, ਜਿਸ ’ਚ ਅਤਿ-ਆਧੁਨਿਕ ਕੰਟੇਨਰ ਟਰਮੀਨਲ, ਹਾਈ-ਸਪੀਡ ਕਾਰਗੋ ਹੈਂਡਲਿੰਗ ਸਿਸਟਮ, ਡਿਜੀਟਲ ਕਸਟਮ ਕਲੀਅਰੈਂਸ ਅਤੇ ਮਲਟੀ-ਮਾਡਲ ਕੁਨੈਕਟੀਵਿਟੀ ਸਹੂਲਤਾਂ ਉਪਲਬਧ ਹੋਣਗੀਆਂ, ਜਿਸ ’ਚ ਵਾਤਾਵਰਣ ਅਤੇ ਭਵਿੱਖ ਦੀ ਸੋਚ ਨੂੰ ਧਿਆਨ ’ਚ ਰੱਖਦੇ ਹੋਏ ਇਹ ਬੰਦਰਗਾਹ 21ਵੀਂ ਸਦੀ ਦੀ ਸਮਾਰਟ-ਸਸਟੇਨੇਬਲ ਅਤੇ 100 ਫੀਸਦੀ ਗ੍ਰੀਨ ਬੰਦਰਗਾਹ ਵਜੋਂ ਵਿਕਸਤ ਹੋਵੇਗੀ। ਸੋਲਰ ਐਨਰਜੀ, ਸਮਾਰਟ ਵੇਸਟ ਮੈਨੇਜਮੈਂਟ ਅਤੇ ਈਕੋ-ਫ੍ਰੈਂਡਲੀ ਸਿਸਟਮ ’ਤੇ ਖਾਸ ਤੌਰ ’ਤੇ ਫੋਕਸ ਰਹੇਗਾ। ਕੁਦਰਤੀ ਡੂੰਘਾਈ ਕਾਰਨ ਵੱਡੇ ਮਾਲਵਾਹਕ ਜਹਾਜ਼ ਆਸਾਨੀ ਨਾਲ ਆ-ਜਾ ਸਕਦੇ ਹਨ, ਕਿਉਂਕਿ ਇਹ ਹਰ ਮੌਸਮ ’ਚ ਕੰਮ ਕਰਨ ਵਾਲੀ ਡੀਪ ਡ੍ਰਾਫਟ ਬੰਦਰਗਾਹ ਹੈ।
ਭਾਰਤ ਬਣੇਗਾ ਗਲੋਬਲ ਟ੍ਰੇਡ ਹੱਬ
ਵਾਢਵਣ ਬੰਦਰਗਾਹ ਸਿਰਫ਼ ਬੰਦਰਗਾਹ ਨਹੀਂ, ਸਗੋਂ ਭਾਰਤ ਦੀ ਗਲੋਬਲ ਸਮੁੰਦਰੀ ਰਣਨੀਤੀ ਦਾ ਅਹਿਮ ਹਿੱਸਾ ਹੈ। ਇਹ ਵੱਡੇ ਕੰਟੇਨਰ ਜਹਾਜ਼ਾਂ ਲਈ ਵਿਦੇਸ਼ੀ ਬੰਦਰਗਾਹਾਂ ’ਤੇ ਨਿਰਭਰਤਾ ਘੱਟ ਕਰੇਗੀ ਅਤੇ ਭਾਰਤ ਨੂੰ ਮਦਰ ਪੋਰਟ ਬਣਾਏਗੀ। ਸਮਾਰਟ ਟਰਮੀਨਲ ਅਤੇ ਹਾਈ-ਟੈੱਕ ਸਿਸਟਮ ਨਾਲ ਬੰਦਰਗਾਹ ਟਾਪ 10 ਕੰਟੇਨਰ ਬੰਦਰਗਾਹਾਂ ’ਚ ਸ਼ਾਮਲ ਹੋ ਸਕਦੀ ਹੈ। ਭਾਰਤ ਦੀ ਬਰਾਮਦ ਅਤੇ ਦਰਾਮਦ ’ਚ ਘੱਟ ਲਾਗਤ, ਤੇਜ਼ ਕਸਟਮ ਕਲੀਅਰੈਂਸ ਅਤੇ ਘੱਟ ਟ੍ਰਾਂਜ਼ਿਟ ਟਾਈਮ ਮਿਲੇਗਾ। ਇਹ ਬੰਦਰਗਾਹ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਭਾਰਤ ਨੂੰ ਸਿੱਧੀ ਕੁਨੈਕਟੀਵਿਟੀ ਦੇਵੇਗੀ। ਯੂਰਪ, ਮੱਧ ਪੂਰਬ ਅਤੇ ਮੱਧ ਏਸ਼ੀਆ ਨਾਲ ਜੁੜ ਕੇ ਭਾਰਤ ਦੀ ਬਲਿਊ ਇਕਾਨਮੀ ਨੂੰ ਨਵੀਂ ਰਫਤਾਰ ਮਿਲੇਗੀ।
ਇਹ ਵੀ ਪੜ੍ਹੋ : ਕਾਰੋਬਾਰੀਆਂ ਲਈ ਖ਼ੁਸ਼ਖ਼ਬਰੀ, ਬਿਨਾਂ ਕਿਸੇ ਗਾਰੰਟੀ ਤੇ ਘੱਟ ਵਿਆਜ 'ਤੇ ਮਿਲੇਗਾ 2 ਕਰੋੜ ਤੱਕ ਦਾ ਲੋਨ!
ਜੇ. ਐੱਨ. ਪੀ. ਏ.-ਭਾਰਤ ਦੀ ਪਹਿਲੀ 100 ਫੀਸਦੀ ਲੈਂਡਲਾਰਡ ਬੰਦਰਗਾਹ
ਜਵਾਹਰਲਾਲ ਨਹਿਰੂ ਪੋਰਟ ਅਥਾਰਟੀ (ਜੇ. ਐੱਨ. ਪੀ. ਏ.) ਦੇਸ਼ ਦੀ ਪਹਿਲੀ 100 ਫੀਸਦੀ ਲੈਂਡਲਾਰਡ ਬੰਦਰਗਾਹ ਹੈ ਅਤੇ ਵਿਸ਼ਵ ਦੀਆਂ ਟਾਪ 100 ਕੰਟੇਨਰ ਬੰਦਰਗਾਹਾਂ ’ਚ 23ਵੇਂ ਸਥਾਨ ’ਤੇ ਹੈ। ਇਹ ਭਾਰਤ ਦੇ ਕੁੱਲ ਕਸਟਮ ਮਾਲੀਏ ’ਚ 21 ਫੀਸਦੀ ਯੋਗਦਾਨ ਦਿੰਦੀ ਹੈ ਅਤੇ ਕੰਟੇਨਰ ਆਵਾਜਾਈ ਦਾ 54 ਫੀਸਦੀ ਸੰਭਾਲਦੀ ਹੈ। ਜੇ. ਐੱਨ. ਪੀ. ਏ. ਦੀ ਜੀ. ਐੱਮ. ਸ਼੍ਰੀਮਤੀ ਮਨੀਸ਼ਾ ਜਾਧਵ ਅਤੇ ਸੀਨੀਅਰ ਅਧਿਕਾਰੀਆਂ ਨੇ ਪੀ. ਆਈ. ਬੀ. ਚੰਡੀਗੜ੍ਹ-ਮੁੰਬਈ ਦੀ ਟੀਮ ਵੱਲੋਂ ਸੱਦੀਆਂ ਗਈਆਂ ਮਹਿਲਾ ਪੱਤਰਕਾਰਾਂ ਨੂੰ ਜੇ. ਐੱਨ. ਪੀ. ਏ. ਅਤੇ ਵਾਢਵਣ ਬੰਦਰਗਾਹ ਪ੍ਰਾਜੈਕਟਸ, ਸੰਚਾਲਨ ਅਤੇ ਮੁੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। 26 ਮਈ 1989 ਨੂੰ ਸਥਾਪਤ ਬੰਦਰਗਾਹ ’ਚ 5 ਕੰਟੇਨਰ ਟਰਮੀਨਲ ਅਤੇ ਵਿਸ਼ੇਸ਼ ਕਾਰਗੋ ਸਹੂਲਤਾਂ ਹਨ। 15.5 ਮੀਟਰ ਡੂੰਘੇ ਡ੍ਰਾਫਟ ਕਾਰਨ 18,000 ਟੀ. ਈ. ਯੂ. ਸਮਰੱਥਾ ਵਾਲੇ ਵੱਡੇ ਜਹਾਜ਼ ਆ-ਜਾ ਸਕਦੇ ਹਨ। ਮਾਲੀ ਸਾਲ 2024-25 ’ਚ ਇੱਥੇ 7.30 ਮਿਲੀਅਨ ਟੀ. ਈ. ਯੂ. ਸੰਚਾਲਨ ਅਤੇ 92.12 ਮਿਲੀਅਨ ਮੀਟ੍ਰਿਕ ਟਨ ਕਾਰਗੋ ਪ੍ਰੋਸੈੱਸ ਹੋਇਆ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੂੰ ਲੈ ਕੇ ਕੈਨੇਡਾ ਬੈਂਕ ਦਾ ਹੈਰਾਨ ਕਰਦਾ ਦਾਅਵਾ
ਮੈਗਾ ਪਾਰਕਿੰਗ ਪਲਾਜ਼ਾ, ਪਹਿਲੀ ਸਪੈਸ਼ਲ ਇਕਾਨਮਿਕ ਜ਼ੋਨ ਆਧਾਰਤ ਬੰਦਰਗਾਹ
ਜੇ. ਐੱਨ. ਪੀ. ਏ. ਦੇਸ਼ ਦੀ ਸਪੈਸ਼ਲ ਇਕਾਨਮਿਕ ਜ਼ੋਨ ਆਧਾਰਤ ਬੰਦਰਗਾਹ ਹੈ, ਜੋ 100 ਫੀਸਦੀ ਗ੍ਰੀਨ ਐਨਰਜੀ ਨਾਲ ਚੱਲਦੀ ਹੈ। 45 ਹੈਕਟੇਅਰ ’ਚ ਫੈਲੇ ਪਾਰਕਿੰਗ ਪਲਾਜ਼ਾ ’ਚ 2,832 ਟਰੈਕਟਰ-ਟਰਾਲਿਆਂ ਦੀ ਇਕੱਠੀ ਪਾਰਕਿੰਗ ਦੀ ਸਹੂਲਤ ਦਿੱਤੀ ਗਈ ਹੈ, ਜਿਸ ਦਾ ਮਕਸਦ ਬਰਾਮਦ ਕੰਟੇਨਰਾਂ ਦੀ ਵਿਵਸਥਾ ਅਤੇ ਟ੍ਰੈਫਿਕ ਕੰਟਰੋਲ ਕਰਨਾ ਹੈ। 24 ਘੰਟੇ ਕਸਟਮ ਹਾਊਸ, ਰੀਅਲ-ਟਾਈਮ ਪਾਰਕਿੰਗ ਸਿਸਟਮ, ਵਾਈ-ਫਾਈ ਅਤੇ ਡਰਾਈਵਰਾਂ ਲਈ ਡਾਰਮੈਟਰੀ, ਕੰਟੀਨ ਤੇ ਸਾਫ਼ ਪਖਾਨੇ ਵਰਗੀਆਂ ਸਹੂਲਤਾਂ ਉਪਲਬਧ ਹਨ।
ਵਾਢਵਣ ਬੰਦਰਗਾਹ ਸਕਿਲਿੰਗ ਪ੍ਰੋਗਰਾਮ, 12 ਲੱਖ ਲੋਕਾਂ ਨੂੰ ਰੋਜ਼ਗਾਰ
ਵਾਢਵਣ ਬੰਦਰਗਾਹ ਪ੍ਰਾਜੈਕਟ ਸਥਾਨਕ ਨੌਜਵਾਨਾਂ ਲਈ ਮੁਫ਼ਤ ਸਕਿੱਲ ਟ੍ਰੇਨਿੰਗ ਚਲਾ ਰਿਹਾ ਹੈ, ਜਿਸ ਨਾਲ ਲੱਗਭਗ 12 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਸੰਭਾਵਨਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਵਟਸਐਪ ਚੈਟਬੋਟ ਵੀ ਲਾਂਚ ਕੀਤਾ ਗਿਆ ਹੈ, ਪਲੰਬਰ, ਇਲੈਕਟ੍ਰੀਸ਼ੀਅਨ ਅਤੇ ਵ੍ਹੀਲਰ ਸਰਵਿਸ ਟੈਕਨੀਸ਼ੀਅਨ ਵਰਗੇ ਕਈ ਕੋਰਸ ਉਪਲਬਧ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
