ਨਿੱਜੀ ਸੁਰੱਖਿਆ ਦੇ ਮੱਦੇਨਜ਼ਰ ਸਰਦੀ ਦੇ ਮੌਸਮ ’ਚ ਗਰਮ ਹੋਇਆ ਕਾਰਾਂ ਦਾ ਬਾਜ਼ਾਰ

01/10/2021 12:08:49 PM

ਜਲੰਧਰ (ਪੁਨੀਤ) : ਕੋਰੋਨਾ ਕਾਲ ਦੇ ਸਮੇਂ ਦੌਰਾਨ ਮੰਦੀ ਦਾ ਸੰਤਾਪ ਝੱਲ ਚੁੱਕਾ ਕਾਰ ਬਾਜ਼ਾਰ ਸਰਦੀ ਦੇ ਮੌਸਮ ਵਿਚ ਗਰਮ ਹੋ ਚੁੱਕਾ ਹੈ, ਜਿਸ ਨਾਲ ਕਾਰ ਨਿਰਮਾਤਾ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕਾਰਾਂ ਦੀ ਸੇਲ ਵਿਚ ਵਾਧੇ ਦੇ ਕਈ ਕਾਰਣ ਸਾਹਮਣੇ ਆ ਰਹੇ ਹਨ, ਇਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਕਾਰਣ ਨਿੱਜੀ ਸੁਰੱਖਿਆ ਦੱਸਿਆ ਜਾ ਰਿਹਾ ਹੈ। ਕੋਰੋਨਾ ਤੋਂ ਅਹਿਤਿਆਤ ਵਰਤਦਿਆਂ ਸੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਲੋਕ ਜਨਤਕ ਟਰਾਂਸਪੋਰਟ ਸੇਵਾਵਾਂ ਦੀ ਵਰਤੋਂ ਕਰਨ ਦੇ ਉਲਟ ਆਪਣੇ ਵਾਹਨਾਂ ਨੂੰ ਤਰਜੀਹ ਦੇ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: 10 ਗੈਸ ਸਿਲੰਡਰ ਅਤੇ 2500 ਰੁਪਏ ਦਾ ਡੀਜ਼ਲ ਲੱਗਦਾ ਹੈ ਰੋਜ਼ਾਨਾ

ਇਸ ਕਾਰਣ ਕਾਰਾਂ ਦੇ ਕਾਰੋਬਾਰ ਨੂੰ ਖੰਭ ਲੱਗ ਗਏ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਲੋਕ ਆਪਣੇ ਬਜਟ ਦੇ ਹਿਸਾਬ ਨਾਲ ਕਾਰਾਂ ਖਰੀਦ ਰਹੇ ਹਨ। ਇਸ ਕਾਰਣ ਕੰਪੈਕਟ ਐੱਸ. ਯੂ. ਵੀ. ਕਾਰਾਂ ਅਤੇ ਛੋਟੀਆਂ ਗੱਡੀਆਂ ਦੀ ਵੱਡੇ ਪੱਧਰ ’ਤੇ ਵਿਕਰੀ ਹੋਈ ਹੈ ਅਤੇ ਹੁਣ ਨਵੇਂ ਵਾਹਨ ਖਰੀਦਣ ਵਾਲਿਆਂ ਨੂੰ ਵੇਟਿੰਗ ਕਰਨੀ ਪੈ ਰਹੀ ਹੈ। ਛੋਟੀਆਂ ਗੱਡੀਆਂ ਅਤੇ ਹੋਰ ਜ਼ਿਆਦਾ ਡਿਮਾਂਡ ਵਾਲੀਆਂ ਕਾਰਾਂ ਲਈ 2-3 ਤੋਂ ਲੈ ਕੇ 7-8 ਹਫਤਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ। ਕਈ ਗੱਡੀਆਂ ਦਾ ਸਟਾਕ ਵੀ ਕਲੀਅਰ ਹੋ ਚੁੱਕਾ ਹੈ, ਜਿਸ ਕਾਰਣ ਕਈ ਵੱਡੀਆਂ ਕੰਪਨੀਆਂ ਵੱਲੋਂ ਨਵੇਂ ਮਾਡਲ ਲਾਂਚ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਮਾਰਕੀਟ ਵਿਚ ਕਾਰਾਂ ਦੀ ਡਿਮਾਂਡ ਵਧੀ ਹੈ, ਉਸੇ ਤਰ੍ਹਾਂ ਪ੍ਰੋਡਕਸ਼ਨ ਵੀ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ ਤਾਂ ਕਿ ਜਲਦ ਤੋਂ ਜਲਦ ਕਾਰਾਂ ਦੀ ਡਲਿਵਰੀ ਦਿੱਤੀ ਜਾ ਸਕੇ। ਦੱਸਿਆ ਜਾ ਿਰਹਾ ਹੈ ਕਿ ਕੋਰੋਨਾ ਕਾਲ ਦੌਰਾਨ ਕੰਪਨੀਆਂ ਨੇ ਵੱਡੇ ਪੱਧਰ ’ਤੇ ਕਰਮਚਾਰੀਆਂ ਦੀ ਛਾਂਟੀ ਕੀਤੀ ਸੀ ਪਰ ਹੁਣ ਸੇਲ ਵਧਣ ਕਾਰਣ ਵੱਡੇ ਪੈਮਾਨੇ ’ਤੇ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਜਾ ਰਹੀਆਂ ਹਨ।

ਕਈ ਕੰਪਨੀਆਂ ਵੱਲੋਂ ਕਾਰਾਂ ਦੀ ਤੇਜ਼ੀ ਨਾਲ ਡਲਿਵਰੀ ਦੇਣ ਲਈ ਦੁੱਗਣੀ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ। ਕਾਰਾਂ ਦਾ ਬਾਜ਼ਾਰ ਵਧਣ ਨਾਲ ਰੋਜ਼ਗਾਰ ਦੇ ਮੌਕੇ ਵੀ ਵਧ ਰਹੇ ਹਨ। ਇਸ ਕਾਰਣ ਸ਼ੋਅਰੂਮਾਂ ਤੋਂ ਲੈ ਕੇ ਅਸੈੱਸਰੀ ਬਾਜ਼ਾਰ ਅਤੇ ਕਾਰਾਂ ਦੇ ਵੱਡੇ ਪ੍ਰੋਡਕਸ਼ਨ ਯੂਨਿਟ ਸਮੇਤ ਬੈਂਕਾਂ ਨੂੰ ਵੀ ਲਾਭ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਾਂ ਦੇ ਨਵੇਂ ਮਾਡਲ ਆਉਣ ’ਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ ਦੇ ਆਫਰ ਮਿਲਣਗੇ ਤਾਂ ਕਿ ਕੰਪਨੀਆਂ ਗਾਹਕਾਂ ਨੂੰ ਆਪਣੇ ਵੱਲ ਖਿੱਚ ਸਕਣ।

 

ਇਹ ਵੀ ਪੜ੍ਹੋ : ਮਾਂ ਨਾਲ ਸਾਗ ਕਟਾਉਂਦੇ ਨਜ਼ਰ ਆਏ ਕ੍ਰਿਕਟਰ ਹਰਭਜਨ ਸਿੰਘ, ਵੇਖੋ ਵੀਡੀਓ

ਬੈਂਕਾਂ ਨੇ ਆਟੋ ਲੋਨ ਸਹੂਲਤ ਨੂੰ ਕੀਤਾ ਅਾਸਾਨ
ਕਾਰਾਂ ਦੀ ਤੇਜ਼ੀ ਨਾਲ ਹੋਈ ਵਿਕਰੀ ਕਾਰਣ ਕਈ ਬੈਂਕ ਵੀ ਇਸ ਤੇਜ਼ੀ ਦਾ ਲਾਭ ਉਠਾਉਣਾ ਚਾਹੁੰਦੇ ਹਨ। ਦੱਿਸਆ ਜਾ ਰਿਹਾ ਹੈ ਕਿ ਲੋਨ ਦੀਆਂ ਦਰਾਂ ਦੇ ਨਾਲ-ਨਾਲ ਬੈਂਕਾਂ ਵੱਲੋਂ ਲੋਨ ਦੀ ਸਹੂਲਤ ਨੂੰ ਵੀ ਆਸਾਨ ਕੀਤਾ ਗਿਆ ਹੈ। ਜਿਹੜੇ ਖਪਤਕਾਰਾਂ ਦਾ ਟਰੈਕ ਰਿਕਾਰਡ ਵਧੀਆ ਹੈ, ਉਨ੍ਹਾਂ ਨੂੰ ਆਸਾਨੀ ਨਾਲ ਘਰ ਬੈਠਿਆਂ ਹੀ ਲੋਨ ਮਿਲ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਲੋਨ ਲੈਣ ਵਿਚ ਦਿੱਕਤਾਂ ਪੇਸ਼ ਆ ਰਹੀਆਂ ਸਨ, ਉਨ੍ਹਾਂ ਨੂੰ ਵੀ ਕਈ ਮਾਧਿਅਮਾਂ ਜ਼ਰੀਏ ਕਾਰਾਂ ਦਾ ਲੋਨ ਮੁਹੱਈਆ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਬੈਂਕਾਂ ਵੱਲੋਂ 80-90 ਫੀਸਦੀ ਲੋਨ ਦਿੱਤਾ ਜਾ ਰਿਹਾ ਹੈ।

ਜ਼ਿਆਦਾ ਡਿਮਾਂਡ ਵਾਲੀਆਂ ਕਾਰਾਂ ਦੇ ਚਾਹਵਾਨਾਂ ਦੀ ਵਧੀ ਗਿਣਤੀ
ਕਾਰ ਨਿਰਮਾਤਾ ਕੰਪਨੀ ਹੌਂਡਾ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਮਾਰਕੀਟ ਵਿਚ ਇਕਦਮ ਬੂਮ ਆਇਆ ਹੈ, ਜਿਸ ਕਾਰਣ ਕਾਰਾਂ ਦੀ ਵਿਕਰੀ ਵਧੀ ਹੈ। ਇਨ੍ਹਾਂ ਵਿਚੋਂ ਜ਼ਿਆਦਾ ਡਿਮਾਂਡ ਵਾਲੀਆਂ ਕਾਰਾਂ ਦੇ ਚਾਹਵਾਨ ਇਕਦਮ ਸਾਹਮਣੇ ਆਏ ਹਨ। ਮਾਰੂਤੀ ਸੁਜ਼ੂਕੀ ਦੇ ਈ. ਡੀ. ਮਾਰਕੀਟਿੰਗ ਸ਼ਸ਼ਾਂਕ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਸਾਡੇ ਕਈ ਮਾਡਲਾਂ ਦੀ ਵੇਟਿੰਗ ਚੱਲ ਰਹੀ ਹੈ, ਜਿਨ੍ਹਾਂ ਵਿਚ ਵੈਗਨਾਰ ਅਤੇ ਬ੍ਰੀਜ਼ਾ ਮਾਡਲ ਮੁੱਖ ਹਨ। ਉਥੇ ਹੀ ਹੁੰਡਈ ਮੋਟਰਸ ਦੇ ਮਾਹਿਰ ਦੱਸਦੇ ਹਨ ਕਿ ਅਸੀਂ ਪ੍ਰੋਡਕਸ਼ਨ ਵਧਾ ਕੇ ਵੇਟਿੰਗ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਤਰ੍ਹਾਂ ਮਹਿੰਦਰਾ ਥਾਰ ਗੱਡੀ ਦੀ ਮੰਗ ਵੀ ਬਹੁਤ ਵਧ ਚੁੱਕੀ ਹੈ, ਜਿਸ ਤੋਂ ਕੰਪਨੀ ਉਤਸ਼ਾਹਿਤ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਸੂਬਿਆਂ ਵਿਚ ਇਸ ਦੀ ਡਿਮਾਂਡ 5 ਮਹੀਨੇ ਦੀ ਵੇਟਿੰਗ ’ਤੇ ਚੱਲ ਰਹੀ ਹੈ।

ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News