ਹੁਣ Whatsapp ਤੋਂ ਵੀ ਕਰ ਸਕੋਗੇ ਪੇਮੈਂਟ, RBI ਜਲਦ ਦੇ ਸਕਦੈ ਹਰੀ ਝੰਡੀ
Tuesday, Apr 09, 2019 - 03:10 PM (IST)

ਨਵੀਂ ਦਿੱਲੀ— ਪੇਟੀਐੱਮ ਦੀ ਤਰ੍ਹਾਂ ਜਲਦ ਹੀ ਤੁਸੀਂ ਸੋਸ਼ਲ ਮੈਸੇਜਿੰਗ ਐਪ ਵਟਸਐਪ ਤੋਂ ਵੀ ਪੇਮੈਂਟ ਕਰ ਸਕੋਗੇ। ਪੇਮੈਂਟ ਡਾਟਾ ਸਟੋਰੇਜ਼ 'ਤੇ ਵਟਸਐਪ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਨਿਯਮਾਂ ਨੂੰ ਮੰਨਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ ਭਾਰਤੀ ਯੂਜ਼ਰਸ ਦਾ ਡਾਟਾ ਸਿਰਫ ਭਾਰਤ 'ਚ ਹੀ ਸਟੋਰ ਕਰਨ ਦੀ ਮੰਗ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਉਸ ਨੂੰ ਹੁਣ ਤਕ ਪੇਮੈਂਟ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਨਹੀਂ ਮਿਲ ਸਕੀ ਹੈ।
ਉਸ ਦੇ ਪੇਮੈਂਟ ਫੀਚਰ ਦਾ ਨਾਮ 'ਵਟਸਐਪ ਪੇਅ' ਹੈ। ਇਸ ਦਾ ਫਰਵਰੀ ਤੋਂ ਟਰਾਇਲ ਚੱਲ ਰਿਹਾ ਹੈ। ਹੁਣ ਤਕ ਭਾਰਤ 'ਚ ਇਹ ਸਿਰਫ 10 ਲੱਖ ਯੂਜ਼ਰਸ ਤਕ ਹੀ ਸੀਮਤ ਹੈ ਕਿਉਂਕਿ ਇਸ ਲਈ ਜ਼ਰੂਰੀ ਮਨਜ਼ੂਰੀ ਮਿਲਣੀ ਬਾਕੀ ਹੈ। ਫੇਸਬੁੱਕ ਦੀ ਕੰਪਨੀ ਵਟਸਐਪ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਉਹ ਆਰ. ਬੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੰਨਣ ਦੀ ਯੋਜਨਾ ਬਣਾ ਰਹੇ ਹਨ। ਇਸ ਲਈ ਇੰਜੀਨੀਅਰਿੰਗ ਨਾਲ ਜੁੜਿਆ ਕੁਝ ਕੰਮ ਬਚਿਆ ਹੈ।
ਇਸ ਦਾ ਮਤਲਬ ਹੈ ਕਿ ਭਾਰਤੀ ਯੂਜ਼ਰਸ ਦਾ ਪੇਮੈਂਟ ਡਾਟਾ ਰੱਖਣ ਵਾਲੇ ਸਰਵਰ ਦੇਸ਼ 'ਚ ਹੀ ਹੋਣਗੇ। ਹੁਣ ਤਕ ਅਮਰੀਕੀ ਕੰਪਨੀ ਭਾਰਤ 'ਚ ਪੇਮੈਂਟ ਡਾਟਾ ਦੀ ਕਾਪੀ ਰੱਖਣ ਅਤੇ ਉਸ ਨੂੰ ਵਿਦੇਸ਼ੀ ਸਰਵਰ 'ਤੇ ਸਟੋਰ ਕਰਨ ਦੀ ਮਨਜ਼ੂਰੀ ਮੰਗ ਰਹੀ ਸੀ। ਹਾਲਾਂਕਿ ਭਾਰਤ ਇਸ ਮਾਮਲੇ 'ਤੇ ਛੋਟ ਦੇਣ ਨੂੰ ਬਿਲਕੁਲ ਵੀ ਰਾਜ਼ੀ ਨਹੀਂ ਹੈ। ਜ਼ਿਕਰਯੋਗ ਹੈ ਕਿ ਵਟਸਐਪ ਲਈ ਭਾਰਤ ਸਭ ਤੋਂ ਵੱਡਾ ਬਾਜ਼ਾਰ ਹੈ। ਭਾਰਤ 'ਚ ਇਸ ਦੇ 20 ਕਰੋੜ ਸਰਗਰਮ ਯੂਜ਼ਰਸ ਹਨ। ਪੇਟੀਐਮ ਤੇ ਫੋਨ-ਪੇਅ ਦੇ ਇਲਾਵਾ ਵਟਸਐਪ ਦੀ ਪੇਮੈਂਟ ਸਰਵਿਸ ਦਾ ਮੁਕਾਬਲਾ ਗੂਗਲ ਦੇ ਗੂਗਲ ਪੇਅ ਨਾਲ ਵੀ ਹੋਵੇਗਾ।