WhatsApp ਨੂੰ ਸਰਕਾਰ ਦੀ ਝਾੜ, ਪੇਮੈਂਟ ਸਰਵਿਸ ਹੋਵੇਗੀ ਲੇਟ!

Thursday, Jul 26, 2018 - 12:08 PM (IST)

ਨਵੀਂ ਦਿੱਲੀ— ਭਾਰਤ 'ਚ ਵਟਸਐਪ ਦੀ ਪੇਮੈਂਟ ਸਰਵਿਸ ਹੋਰ ਲੇਟ ਹੋ ਸਕਦੀ ਹੈ। ਸਰਕਾਰ ਨੇ ਵਟਸਐਪ ਨੂੰ ਜਲਦ ਪੇਮੈਂਟ ਸਰਵਿਸ ਸ਼ੁਰੂ ਕਰਨ ਦੇ ਪਿੱਛੇ ਪੈਣ ਦੀ ਬਜਾਏ ਗਲਤ ਖਬਰਾਂ ਦੇ ਪ੍ਰਸਾਰ ਨੂੰ ਰੋਕਣ 'ਤੇ ਧਿਆਨ ਦੇਣ ਨੂੰ ਕਿਹਾ ਹੈ। ਜਾਣਕਾਰੀ ਮੁਤਾਬਕ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੇ ਵਟਸਐਪ ਨੂੰ ਕਿਹਾ ਹੈ ਕਿ ਉਹ ਪਹਿਲਾਂ ਫਰਜ਼ੀ ਖਬਰਾਂ ਨੂੰ ਰੋਕਣ ਦਾ ਕੰਮ ਕਰੇ, ਫਿਰ ਹੀ ਹੋਰ ਸੇਵਾਵਾਂ ਸ਼ੁਰੂ ਕਰਨ ਬਾਰੇ ਸੋਚੇ। ਸਰਕਾਰ ਨੇ ਕੰਪਨੀ ਨੂੰ ਕਿਹਾ ਕਿ ਮੌਜੂਦਾ ਹਾਲਾਤ 'ਚ ਫਰਜ਼ੀ ਖਬਰਾਂ ਦਾ ਮੁੱਦਾ ਸਭ ਤੋਂ ਅਹਿਮ ਹੈ।

ਜ਼ਿਕਰਯੋਗ ਹੈ ਕਿ ਵਟਸਐਪ ਦੀ ਪੇਮੈਂਟ ਸਰਵਿਸ ਸ਼ੁਰੂ ਹੋਣ 'ਚ ਪਹਿਲਾਂ ਹੀ ਪੇਚ ਫਸਿਆ ਹੋਇਆ ਹੈ। ਸੂਤਰਾਂ ਮੁਤਾਬਕ ਵਟਸਐਪ ਪੇਮੈਂਟ ਸਰਵਿਸ ਪਲਾਨ ਨੂੰ ਲੈ ਕੇ ਕਈ ਚਿੰਤਾਵਾਂ ਹਨ, ਜਿਨ੍ਹਾਂ 'ਚ ਇਕ ਚਿੰਤਾ ਇਹ ਹੈ ਆਰ. ਬੀ. ਆਈ. ਦੇ ਹੁਕਮਾਂ ਤਹਿਤ ਵਟਸਐਪ ਯੂਜ਼ਰਾਂ ਦਾ ਡਾਟਾ ਕਿਵੇਂ ਅਤੇ ਕਿੱਥੇ ਜਮ੍ਹਾ ਕਰੇਗਾ। ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਮੁਤਾਬਕ ਡਾਟਾ ਨੂੰ ਭਾਰਤ 'ਚ ਹੀ ਸਟੋਰ ਕਰਨਾ ਲਾਜ਼ਮੀ ਹੈ, ਯਾਨੀ ਕੰਪਨੀ ਕਿਸੇ ਵੀ ਤਰ੍ਹਾਂ ਦਾ ਵਿੱਤੀ ਡਾਟਾ ਬਾਹਰ ਨਹੀਂ ਸਟੋਰ ਕਰ ਸਕਦੀ। 
ਸਰਕਾਰ ਚਾਹੁੰਦੀ ਹੈ ਕਿ ਵਟਸਐਪ ਇਸ 'ਤੇ ਸਾਫ ਅਤੇ ਪੂਰੀ ਤਰ੍ਹਾਂ ਨਾਲ ਸਪੱਸ਼ਟ ਕਰੇ ਕਿ ਉਹ ਡਾਟਾ ਨੂੰ ਕਿਸ ਤਰ੍ਹਾਂ ਸਟੋਰ ਕਰੇਗੀ। ਸੂਤਰਾਂ ਮੁਤਾਬਕ ਇਸ ਮੁੱਦੇ ਨੂੰ ਲੈ ਕੇ ਦੋਹਾਂ ਵਿਚਕਾਰ ਗੱਲਬਾਤ ਜਾਰੀ ਹੈ। ਇਸ ਸਾਲ ਅਪ੍ਰੈਲ 'ਚ ਰਿਜ਼ਰਵ ਬੈਂਕ ਨੇ ਪੇਮੈਂਟ ਸਰਵਿਸ ਦੇਣ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਭਾਰਤ ਨਾਲ ਸੰਬੰਧਤ ਸਾਰੇ ਵਿੱਤੀ ਡਾਟਾ ਦੇਸ਼ 'ਚ ਹੀ ਜਮ੍ਹਾ ਕਰਨ।ਇਹੀ ਵਜ੍ਹਾ ਹੈ ਕਿ ਵਟਸਐਪ ਨੂੰ ਭਾਰਤੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਵੱਲੋਂ ਕੰਮ ਸ਼ੁਰੂ ਕਰਨ ਦਾ ਅਜੇ ਤਕ ਲਾਇਸੈਂਸ ਨਹੀਂ ਮਿਲਿਆ ਹੈ।


Related News