ਪਹਿਲੀ ਤਿਮਾਹੀ 'ਚ ਵੋਡਾ-ਆਈਡੀਆ ਨੂੰ ਹੋਇਆ 25,460 ਕਰੋੜ ਦਾ ਘਾਟਾ
Thursday, Aug 06, 2020 - 08:00 PM (IST)
ਨਵੀਂ ਦਿੱਲੀ— ਦੇਸ਼ ਦੀ ਤੀਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਦਾ ਸ਼ੁੱਧ ਘਾਟਾ ਮੌਜੂਦਾ ਵਿੱਤੀ ਸਾਲ 2020-21 ਦੀ ਅਪ੍ਰੈਲ-ਜੂਨ ਤਿਮਾਹੀ 'ਚ ਵੱਧ ਕੇ 25,460 ਕਰੋੜ ਰੁਪਏ 'ਤੇ ਪਹੁੰਚ ਗਿਆ। ਏ. ਜੀ. ਆਰ. ਬਕਾਏ ਦੀ ਵਿਵਸਥਾ ਕਾਰਨ ਕੰਪਨੀ ਦਾ ਘਾਟਾ ਵਧਿਆ ਹੈ।
ਇਸ ਤਿਮਾਹੀ 'ਚ ਕੰਪਨੀ ਨੂੰ 25,460 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਪਿਛਲੇ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਨੂੰ 4,874 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
2020-21 ਦੀ ਪਹਿਲੀ ਤਿਮਾਹੀ 'ਚ ਕੰਪਨੀ ਦੀ ਸੰਚਾਲਨ ਆਮਦਨ ਵੀ 11,269.9 ਕਰੋੜ ਰੁਪਏ ਤੋਂ ਘੱਟ ਕੇ 10,659.3 ਕਰੋੜ ਰੁਪਏ 'ਤੇ ਆ ਗਈ। ਵੋਡਾਫੋਨ ਆਈਡੀਆ ਨੇ ਕਿਹਾ ਕਿ ਉਸ ਨੇ ਜੂਨ ਤਿਮਾਹੀ 'ਚ ਏ. ਜੀ. ਆਰ. ਦੇਣਦਾਰੀ 'ਚ ਹੋਰ 19,440.5 ਕਰੋੜ ਰੁਪਏ ਦੀ ਪਛਾਣ ਕੀਤੀ। ਇਹ 31 ਮਾਰਚ 2020 ਨੂੰ ਦੇਣਦਾਰੀ ਦੇ ਰੂਪ 'ਚ ਕੱਢੇ ਗਏ 460 ਅਰਬ ਰੁਪਏ ਤੋਂ ਇਲਾਵਾ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਲਗਾਏ ਗਏ 'ਲਾਕਡਾਉਨ' ਨੇ ਪਹਿਲੀ ਤਿਮਾਹੀ ਦੇ ਵਿੱਤੀ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਹੈ। ਵੋਡਾਫੋਨ ਆਈਡੀਆ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਰਵਿੰਦਰ ਟੱਕਰ ਨੇ ਕਿਹਾ, ''ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਚੁਣੌਤੀਪੂਰਨ ਰਹੀ। ਲਾਕਡਾਊਨ ਕਾਰਨ ਸਟੋਰ ਬੰਦ ਹੋਣ ਨਾਲ ਫੋਨ ਰੀਚਾਰਜ ਉਪਲਬਧਾ ਅਤੇ ਆਰਥਿਕ ਨਰਮੀ ਨਾਲ ਗਾਹਕਾਂ ਦੇ ਰੀਚਾਰਜ ਕਰਾਉਣ ਦੀ ਸਮਰੱਥਾ 'ਤੇ ਅਸਰ ਪਿਆ।''