ਵੋਡਾਫੋਨ ਦੇ CEO ਨੇ ਕੀਤੀ ਵਿੱਤ ਮੰਤਰੀ ਨਾਲ ਮੁਲਾਕਾਤ

03/07/2020 8:43:02 PM

ਨਵੀਂ ਦਿੱਲੀ (ਇੰਟ.)-ਵੋਡਾਫੋਨ-ਆਈਡੀਆ ਦੀ ਪ੍ਰਮੋਟਰ ਬ੍ਰਿਟਿਸ਼ ਕੰਪਨੀ ਵੋਡਾਫੋਨ ਦੇ ਸੀ. ਈ. ਓ. ਨਿਕ ਰੀਡ ਨੇ ਐਡਜਸਟਿਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਮਸਲੇ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਸੰਚਾਰ ਮੰਤਰੀ ਰਵੀਸ਼ੰਕਰ ਨਾਲ ਮੁਲਾਕਾਤ ਕੀਤੀ। ਰੀਡ ਨੇ ਮੰਤਰੀਆਂ ਦੇ ਸਾਹਮਣੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਦੇਣਯੋਗ ਬਕਾਏ ਦੇ ਭੁਗਤਾਨ ’ਚ ਕੰਪਨੀ ਦੀ ਅਸਮਰਥਾ ਪ੍ਰਗਟਾਉਂਦਿਆਂ ਰਾਹਤ ਦੀ ਮੰਗ ਕੀਤੀ ਹੈ। ਨਿਕ ਰੀਡ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਭਾਰਤ ’ਚ ਨਵੀਂ ਅਤੇ ਚੰਗੀ ਸ਼ੁਰੂਆਤ ਕਰਨਾ ਚਾਹੁੰਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬ੍ਰਿਟੇਨ ਦੀ ਦੂਰਸੰਚਾਰ ਕੰਪਨੀ ਦੇ ਸੀ. ਈ. ਓ. ਨੇ ਆਪਣੀ ਮੁਲਾਕਾਤ ਦੌਰਾਨ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਦੂਰਸੰਚਾਰ ਕੰਪਨੀਆਂ ਨੂੰ ਰਾਹਤ ਦੇਣ ਦੇ ਉਪਰਾਲਿਆਂ ’ਤੇ ਕੰਮ ਚੱਲ ਰਿਹਾ ਹੈ।

ਨਿਵੇਸ਼ ਨੂੰ ਬਣਾਈ ਰੱਖਣਾ ਚਾਹੁੰਦੀ ਹੈ ਕੰਪਨੀ
ਸੂਤਰਾਂ ਮੁਤਾਬਕ ਸਰਕਾਰ ਇਸ ਸੈਕਟਰ ’ਚ ਏਕਾਧਿਕਾਰ ਦੇ ਖਿਲਾਫ ਹੈ ਅਤੇ ਉਹ ਵੋਡਾਫੋਨ-ਆਈਡੀਆ ਨੂੰ ਉਭਰਦਿਆਂ ਵੇਖਣਾ ਚਾਹੁੰਦੀ ਹੈ। ਕੰਪਨੀ ਖੁਦ ਵੀ ਭਾਰਤ ’ਚ ਆਪਣੇ ਨਿਵੇਸ਼ ਨੂੰ ਬਣਾਈ ਰੱਖਣਾ ਚਾਹੁੰਦੀ ਹੈ। ਧਿਆਨਦੇਣ ਯੋਗ ਹੈ ਕਿ ਏ. ਜੀ. ਆਰ. ਦੀ ਦੇਣਦਾਰੀ ਕਾਰਣ ਵੋਡਾਫੋਨ-ਆਈਡੀਆ ਨੂੰ ਕਾਫੀ ਔਖੇ ਦੌਰ ’ਚੋਂ ਲੰਘਣਾ ਪੈ ਰਿਹਾ ਹੈ। ਕੰਪਨੀ ਪਹਿਲਾਂ ਕਈ ਮੌਕਿਆਂ ’ਤੇ ਏ. ਜੀ. ਆਰ. ਦੇ ਭੁਗਤਾਨ ’ਚ ਅਸਮਰਥ ਹੋਣ ਦੀ ਗੱਲ ਕਹਿ ਚੁੱਕੀ ਹੈ।

ਵੋਡਾਫੋਨ-ਆਈਡੀਆ ਦੇ ਸੀ. ਈ. ਓ. ਨਾਲ ਬੈਠਕ
ਸੀਤਾਰਮਨ ਨਾਲ ਮੁਲਾਕਾਤ ਤੋਂ ਬਾਅਦ ਰੀਡ ਨੇ ਵੋਡਾਫੋਨ-ਆਈਡੀਆ ਦੇ ਐੱਮ. ਡੀ. ਅਤੇ ਸੀ. ਈ. ਓ. ਰਵਿੰਦਰ ਟੱਕਰ ਨਾਲ ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਸੰਚਾਰ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ਵੀ ਬੈਠਕ ਕੀਤੀ। ਸੂਤਰਾਂ ਅਨੁਸਾਰ ਵੋਡਾਫੋਨ ਨੇ ਉਥੇ ਵੀ ਕੰਪਨੀ ਨੂੰ ਰਾਹਤ ਦਿੱਤੇ ਜਾਣ ਦੀ ਮੰਗ ਕੀਤੀ। ਇਨ੍ਹਾਂ ਮੁਲਾਕਾਤਾਂ ਤੋਂ ਇਕ ਦਿਨ ਪਹਿਲਾਂ ਵੋਡਾਫੋਨ-ਆਈਡੀਆ ਵੱਲੋਂ ਕਿਹਾ ਗਿਆ ਸੀ ਕਿ ਉਸ ਨੇ ਅੰਦਰੂਨੀ ਆਡਿਟ ’ਚ ਸਿਰਫ 21,533 ਕਰੋਡ਼ ਰੁਪਏ ਦੇ ਏ. ਜੀ. ਆਰ. (ਲਾਇਸੈਂਸ ਫੀਸ) ਬਕਾਏ ਦਾ ਮੁਲਾਂਕਣ ਕੀਤਾ ਹੈ।


Karan Kumar

Content Editor

Related News