ਵੱਡੀ ਖ਼ੁਸ਼ਖ਼ਬਰੀ! ਵਿਸਤਾਰਾ ਵੱਲੋਂ ਭਾਰਤ ਤੋਂ ਕਤਰ ਲਈ ਉਡਾਣਾਂ ਸ਼ੁਰੂ
Friday, Nov 20, 2020 - 07:53 PM (IST)
ਨਵੀਂ ਦਿੱਲੀ— ਹੁਣ ਤੁਸੀਂ ਵਿਸਤਾਰਾ ਦੀ ਉਡਾਣ 'ਚ ਕਤਰ ਦੀ ਯਾਤਰਾ ਕਰ ਸਕਦੇ ਹੋ। ਵਿਸਤਾਰਾ ਨੇ ਭਾਰਤ ਅਤੇ ਕਤਰ ਦਰਮਿਆਨ ਵਿਸ਼ੇਸ਼ ਹਵਾਈ ਯਾਤਰਾ ਸਮਝੌਤੇ (ਏਅਰ ਬੱਬਲ) ਤਹਿਤ ਦਿੱਲੀ ਤੇ ਦੋਹਾ ਵਿਚਕਾਰ ਉਡਾਣਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ।
ਹਵਾਈ ਜਹਾਜ਼ ਸੇਵਾ ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਕ ਬਿਆਨ 'ਚ ਵਿਸਤਾਰਾ ਨੇ ਕਿਹਾ ਕਿ ਇਸ ਮਾਰਗ 'ਤੇ ਉਸ ਦੀ ਪਹਿਲੀ ਉਡਾਣ ਵੀਰਵਾਰ ਨੂੰ ਰਾਤ 8 ਵਜੇ ਦਿੱਲੀ ਤੋਂ ਰਵਾਨਾ ਹੋਈ ਅਤੇ ਦੋਹਾ ਦੇ ਸਥਾਨਕ ਸਮੇਂ ਅਨੁਸਾਰ ਉੱਥੇ ਰਾਤ 9.45 ਵਜੇ ਪਹੁੰਚੀ।
ਵਿਸਤਾਰਾ ਨੇ ਕਿਹਾ ਕਿ ਹਫ਼ਤੇ 'ਚ ਦੋ ਵਾਰ ਦਿੱਲੀ ਅਤੇ ਦੋਹਾ ਦਰਮਿਆਨ ਵਿਸ਼ੇਸ਼ ਨਾਨ-ਸਟਾਪ ਉਡਾਣਾਂ ਚਲਾਈਆਂ ਜਾਣਗੀਆਂ, ਜੋ ਵੀਰਵਾਰ ਅਤੇ ਐਤਵਾਰ ਨੂੰ ਉਪਲਬਧ ਹੋਣਗੀਆਂ। ਕਤਰ ਤੇ ਭਾਰਤ ਦਰਮਿਆਨ ਹੋਏ ਏਅਰ ਬੱਬਲ ਸਮਝੌਤੇ ਤਹਿਤ ਵਿਸਤਾਰਾ ਇਹ ਵਿਸ਼ੇਸ਼ ਉਡਾਣਾਂ 31 ਦਸੰਬਰ ਤੱਕ ਚਲਾਏਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ 'ਚ 23 ਮਾਰਚ ਤੋਂ ਕੌਮਾਂਤਰੀ ਯਾਤਰੀ ਉਡਾਣਾਂ ਰੱਦ ਹਨ। ਹਾਲਾਂਕਿ, ਵੰਦੇ ਭਾਰਤ ਮਿਸ਼ਨ ਤਹਿਤ ਮਈ ਤੋਂ ਅਤੇ ਏਅਰ ਬੱਬਲ ਸਮਝੌਤੇ ਤਹਿਤ ਜੁਲਾਈ ਤੋਂ ਵਿਸ਼ੇਸ਼ ਸੀਮਤ ਕੌਮਾਂਤਰੀ ਯਾਤਰੀ ਉਡਾਣਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ- ਭਾਰਤ ਦੇ ਲੋਕਾਂ ਨੂੰ ਅਪ੍ਰੈਲ ਤੋਂ ਮਿਲ ਸਕਦੀ ਹੈ ਕੋਵਿਡ ਵੈਕਸੀਨ : ਪੂਨਾਵਾਲਾ
ਹੁਣ ਤੱਕ ਇਨ੍ਹਾਂ ਮੁਲਕਾਂ ਨਾਲ ਹੋ ਚੁੱਕਾ ਹੈ ਵਿਸ਼ੇਸ਼ ਕਰਾਰ-
ਭਾਰਤ ਹੁਣ ਤੱਕ ਦਰਜਨ ਤੋਂ ਵੱਧ ਦੇਸ਼ਾਂ ਨਾਲ ਦੋ-ਪੱਖੀ ਏਅਰ ਬੱਬਲ ਸਮਝੌਤਾ ਕਰ ਚੁੱਕਾ ਹੈ। ਇਨ੍ਹਾਂ 'ਚ ਇਥੋਪੀਆ, ਕੈਨੇਡਾ, ਅਮਰੀਕਾ, ਬੰਗਲਾਦੇਸ਼, ਅਫਗਾਨਿਸਤਾਨ, ਬਹਿਰੀਨ, ਭੂਟਾਨ, ਫਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਮਾਲਦੀਵ, ਓਮਾਨ, ਨੀਦਰਲੈਂਡ, ਨਾਈਜੀਰੀਆ, ਕਤਰ, ਯੂ. ਏ. ਈ., ਬ੍ਰਿਟੇਨ ਅਤੇ ਯੂਕ੍ਰੇਨ ਸ਼ਾਮਲ ਹਨ। ਏਅਰ ਬੱਬਲ ਸਮਝੌਤੇ ਤਹਿਤ ਸੀਮਤ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਇਕ-ਦੂਜੇ ਦੇ ਮੁਲਕ 'ਚ ਆਉਣ-ਜਾਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਹੁਣ ਤੱਕ ਕਈ ਮੁਲਕਾਂ ਨੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਹੈ। ਇਸ ਲਈ ਸਿਰਫ਼ ਜ਼ਰੂਰੀ ਤੌਰ 'ਤੇ ਯਾਤਰਾ ਕਰਨ ਵਾਲੇ ਲੋਕ ਹੀ ਹਵਾਈ ਸਫ਼ਰ ਕਰ ਸਕਦੇ ਹਨ।
ਇਹ ਵੀ ਪੜ੍ਹੋ- ICICI ਬੈਂਕ ਦੀ ਸੌਗਾਤ, ਬਿਨਾਂ ਕਾਰਡ EMI 'ਤੇ ਖ਼ਰੀਦ ਸਕੋਗੇ ਕੋਈ ਵੀ ਸਾਮਾਨ