ਟਮਾਟਰ ਦੀ ਕੀਮਤ ਸੁਣ ਉੱਡ ਜਾਣਗੇ ਹੋਸ਼, ਰਸੋਈ ਦਾ ਵਿਗੜੇਗਾ ਬਜਟ
Wednesday, Sep 09, 2020 - 08:00 PM (IST)
ਨਵੀਂ ਦਿੱਲੀ— ਦਿੱਲੀ, ਮੁੰਬਈ, ਕੋਲਕਾਤਾ ਸਮੇਤ ਦੇਸ਼ ਭਰ ਦੀਆਂ ਪ੍ਰਮੁੱਖ ਸਬਜ਼ੀ ਮੰਡੀਆਂ 'ਚ ਇਸ ਸਮੇਂ ਕੀਮਤਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਕਾਲ 'ਚ ਲੋਕਾਂ ਦੀ ਆਮਦਨੀ ਘਟੀ ਹੈ, ਰੋਜ਼ਗਾਰ ਘੱਟ ਹੋਏ ਹਨ ਤਾਂ ਦੂਜੇ ਪਾਸੇ ਸਬਜ਼ੀਆਂ ਦੀ ਕੀਮਤ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ।
ਦਿੱਲੀ ਦੀ ਮੰਡੀ 'ਚ ਟਮਾਟਰ 80 ਰੁਪਏ ਪ੍ਰਤੀ ਕਿਲੋ ਤੋਂ ਪਾਰ ਪਹੁੰਚ ਗਿਆ ਹੈ। ਮੁੰਬਈ 'ਚ ਵੀ ਇਹੀ ਰੇਟ ਹੈ। ਉੱਥੇ ਹੀ, ਕੋਲਕਾਤਾ 'ਚ ਟਮਾਟਰ 100 ਰੁਪਏ ਪ੍ਰਤੀ ਕਿਲੋ ਹੋ ਗਏ ਹਨ। ਇੰਨਾ ਹੀ ਨਹੀਂ ਹਰੀਆਂ ਸਬਜ਼ੀਆਂ ਨੂੰ ਹੱਥ ਪਾਉਣਾ ਵੀ ਮੁਸ਼ਕਲ ਹੋ ਰਿਹਾ ਹੈ।
ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਚੇਅਰਮੈਨ ਆਦਿਲ ਅਹਿਮਦ ਖਾਨ ਮੁਤਾਬਕ, ਮਾਨਸੂਨ ਸਮੇਂ ਹਰ ਸਾਲ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਹੈ। ਅਕਤੂਬਰ ਤੱਕ ਇਨ੍ਹਾਂ ਦੀ ਕੀਮਤ ਚੜ੍ਹੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਨਵੰਬਰ ਤੋਂ ਕੀਮਤਾਂ 'ਚ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਮੀਂਹ ਪੈਣ ਕਾਰਨ ਜ਼ਿਆਦਾਤਰ ਹਰੀਆਂ ਸਬਜ਼ੀਆਂ ਖ਼ਰਾਬ ਹੋ ਗਈਆਂ ਹਨ ਪਰ ਬਾਜ਼ਾਰ 'ਚ ਮੰਗ ਜ਼ਿਆਦਾ ਹੋਣ ਕਾਰਨ ਹਰੀਆਂ ਸਬਜ਼ੀਆਂ ਦੇ ਵੀ ਮੁੱਲ ਵਧੇ ਹਨ।
ਗਾਜੀਪੁਰ ਮੰਡੀ ਦੇ ਸਬਜ਼ੀ ਵਿਕਰੇਤਾ ਰਾਜੀਵ ਸਾਵ ਨੇ ਕਿਹਾ ਕਿ 10 ਦਿਨ ਪਹਿਲਾਂ ਟਮਾਟਰ 50-60 ਰੁਪਏ ਕਿਲੋ ਸੀ ਪਰ ਹੁਣ ਇਹ 80 ਰੁਪਏ ਹੋ ਗਿਆ ਹੈ। ਦਿੱਲੀ, ਮੁੰਬਈ, ਕੋਲਕਾਤਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਿਛਲੇ ਇਕ ਮਹੀਨੇ 'ਚ ਹਰੀਆਂ ਸਬਜ਼ੀਆਂ ਦੀ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਇਸ ਸਮੇਂ ਥੋਕ 'ਚ ਆਲੂ 26 ਰੁਪਏ ਕਿਲੋ ਤਾਂ ਪ੍ਰਚੂਨ 'ਚ 35-40 ਰੁਪਏ ਕਿਲੋ ਮਿਲ ਰਹੇ ਹਨ। ਪਿਛਲੇ ਮਹੀਨੇ ਆਲੂ 19 ਰੁਪਏ ਕਿਲੋ ਸੀ। ਉੱਥੇ ਹੀ, ਪਿਆਜ਼ ਥੋਕ 'ਚ 15 ਰੁਪਏ ਕਿਲੋ ਹੈ, ਜਦੋਂ ਕਿ ਪ੍ਰਚੂਨ 'ਚ 35-40 ਰੁਪਏ ਕਿਲੋ ਹੈ।