BPCL 'ਚ ਹਿੱਸੇਦਾਰੀ ਖ਼ਰੀਦਣ ਲਈ ਵੇਦਾਂਤਾ ਵੱਲੋਂ ਦਿਲਚਸਪੀ ਪੱਤਰ ਦਾਖ਼ਲ
Wednesday, Nov 18, 2020 - 02:59 PM (IST)
ਨਵੀਂ ਦਿੱਲੀ— ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) 'ਚ ਸਰਕਾਰ ਦੀ ਪੂਰੀ ਹਿੱਸੇਦਾਰੀ ਖ਼ਰੀਦਣ ਲਈ ਵੇਦਾਂਤਾ ਨੇ ਸ਼ੁਰੂਆਤੀ ਦਿਲਚਸਪੀ ਪੱਤਰ (ਈ. ਓ. ਆਈ.) ਦਾਖ਼ਲ ਕੀਤਾ ਹੈ। ਵੇਦਾਂਤਾ ਗਰੁੱਪ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਭਾਰਤ ਦੀ ਦੂਜੀ ਸਭ ਤੋਂ ਵੱਡੀ ਈਂਧਣ ਪ੍ਰਚੂਨ ਕੰਪਨੀ 'ਚ ਵੇਦਾਂਤਾ ਦੀ ਦਿਲਚਸਪੀ ਉਸ ਦੇ ਆਪਣੇ ਮੌਜੂਦਾ ਤੇਲ ਅਤੇ ਗੈਸ ਕਾਰੋਬਾਰ ਨਾਲ ਤਾਲਮੇਲ ਰਹਿਣ ਕਾਰਨ ਹੈ।
ਸਰਕਾਰ ਬੀ. ਪੀ. ਸੀ. ਐੱਲ. 'ਚ ਆਪਣੀ ਪੂਰੀ 52.98 ਫ਼ੀਸਦੀ ਹਿੱਸੇਦਾਰੀ ਵੇਚ ਰਹੀ ਹੈ। ਇਸ ਲਈ ਦਿਲਚਸਪੀ ਪੱਤਰ ਦਾਖ਼ਲ ਕਰਨ ਦੀ ਅੰਤਿਮ ਤਾਰੀਖ਼ 16 ਨਵੰਬਰ ਸੀ। ਕੰਪਨੀ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ, ''ਬੀ. ਪੀ. ਸੀ. ਐੱਲ. ਲਈ ਵੇਦਾਂਤਾ ਦਾ ਈ. ਓ. ਆਈ. ਸਾਡੇ ਮੌਜੂਦਾ ਤੇਲ ਅਤੇ ਗੈਸ ਕਾਰੋਬਾਰ ਨਾਲ ਸੰਭਾਵਤ ਤਾਲਮੇਲ ਦਾ ਮੁਲਾਂਕਣ ਕਰਨ ਲਈ ਹੈ।'' ਸਰਕਾਰ ਨੇ ਪਿਛਲੇ ਸਾਲ ਨਵੰਬਰ 'ਚ ਮੰਤਰੀ ਮੰਡਲ ਦੀ ਬੈਠਕ 'ਚ ਬੀ. ਪੀ. ਸੀ. ਐੱਲ. 'ਚ ਸਰਕਾਰ ਦੀ ਪੂਰੀ 52.98 ਫੀਸਦੀ ਹਿੱਸੇਦਾਰੀ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ ਸੀ।