ਅਮਰੀਕਾ-ਚੀਨ ਟ੍ਰੇਡ ਵਾਰ ਨਾਲ ਭਾਰਤ ਨੂੰ ਹੋਇਆ ਵੱਡਾ ਫਾਇਦਾ : ਚੀਨੀ ਅਖਬਾਰ
Thursday, Feb 21, 2019 - 06:57 PM (IST)

ਨਵੀਂ ਦਿੱਲੀ- ਵਿਸ਼ਵ ਦੀਆਂ 2 ਆਰਥਿਕ ਮਹਾਸ਼ਕਤੀਆਂ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਟ੍ਰੇਡ ਵਾਰ ਦਾ ਭਾਰਤ ਨੂੰ ਫਾਇਦਾ ਹੋ ਰਿਹਾ ਹੈ। ਚੀਨ ਦੀ ਇਕ ਅਖਬਾਰ ਨੇ ਦਾਅਵਾ ਵੀ ਕੀਤਾ ਹੈ ਕਿ ਭਾਰਤ ਨਾਲ ਕਈ ਵਸਤਾਂ ਦਾ ਐਕਸਪੋਰਟ ਤੇਜੀ ਨਾਲ ਵਧਿਆ ਹੈ ਅਤੇ ਇਸ ਵਿੱਤੀ ਸਾਲ ਦੇ ਅੰਤ ਤੱਕ ਰਿਕਾਰਡ ਐਕਸਪੋਰਟ ਹੋਣ ਦੀ ਉਮੀਦ ਹੈ। ਦਰਅਸਲ ਚੀਨ ਨੇ ਪਿਛਲੇ ਸਾਲ ਜੁਲਾਈ ਤੋਂ ਹੀ ਅਮਰੀਕੀ ਇੰਪੋਰਟ ਉੱਤੇ ਭਾਰੀ ਟੈਰਿਫ ਥੋਪਿਆ ਹੋਇਆ ਹੈ ਜਿਸ ਦਾ ਫਾਇਦਾ ਭਾਰਤ ਨੂੰ ਹੋ ਰਿਹਾ ਹੈ।
ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਤਣਾਅ ਕਾਰਨ ਜਿਨ੍ਹਾਂ ਖੇਤਰਾਂ ਵਿਚ ਫਾਇਦਾ ਚੁੱਕਿਆ ਜਾ ਸਕਦਾ ਹੈ, ਉੱਥੇ ਭਾਰਤ ਆਪਣਾ ਐਕਸਪੋਰਟ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਗੱਲ ਦਾ ਸਬੂਤ ਇਹ ਹੈ ਕਿ ਚੀਨ ਵਿਚ ਭਾਰਤ ਨੇ ਸਮੁੰਦਰੀ ਉਤਪਾਦ, ਆਰਗੈਨਿਕ ਕੈਮੀਕਲਸ, ਪਲਾਸਟਿਕ, ਪੈਟਰੋਲੀਅਮ ਉਤਪਾਦ, ਅੰਗੂਰ, ਚੌਲ ਆਦਿ ਦਾ ਐਕਸਪੋਰਟ ਵਧਾ ਦਿੱਤਾ ਹੈ। ਭਾਰਤ ਦਾ ਚੀਨ ਨਾਲ ਵਪਾਰ ਘਾਟਾ ਘੱਟ ਹੋ ਕੇ ਸਿਰਫ 40 ਅਰਬ ਡਾਲਰ ਹੀ ਰਹਿ ਗਿਆ ਹੈ।
9 ਮਹੀਨਿਆਂ ਵਿਚ 12.7 ਅਰਬ ਡਾਲਰ ਹੋਇਆ ਭਾਰਤ ਦਾ ਐਕਸਪੋਰਟ
ਅਮਰੀਕਾ ਨੇ ਪਿਛਲੇ ਸਾਲ ਚੀਨ ਦੇ 250 ਅਰਬ ਡਾਲਰ ਦੇ ਸਾਮਾਨ ਦੇ ਇੰਪੋਰਟ ਉੱਤੇ ਇੰਪੋਰਟ ਡਿਊਟੀ 25 ਫ਼ੀਸਦੀ ਤੱਕ ਵਧਾ ਦਿੱਤੀ ਸੀ। ਇਸ ਦੇ ਜਵਾਬ ਵਿਚ ਚੀਨ ਨੇ ਵੀ 110 ਅਰਬ ਡਾਲਰ ਦੇ ਅਮਰੀਕੀ ਸਾਮਾਨ ਦੇ ਇੰਪੋਰਟ ਉੱਤੇ ਡਿਊਟੀ ਵਧਾ ਦਿੱਤੀ। ਚੀਨੀ ਅਖਬਾਰ ਵਿਚ ਲਿਖਿਆ ਗਿਆ ਹੈ ਕਿ ਸਿਰਫ 9 ਮਹੀਨਿਆਂ ਵਿਚ ਹੀ ਭਾਰਤ ਦਾ ਚੀਨ ਨੂੰ ਐਕਸਪੋਰਟ ਵਧ ਕੇ 12.7 ਅਰਬ ਡਾਲਰ ਪਹੁੰਚ ਗਿਆ ਹੈ ਜਦੋਂ ਕਿ ਪਿਛਲੇ ਪੂਰੇ ਵਿੱਤੀ ਸਾਲ 2017-18 ਵਿਚ 13.33 ਅਰਬ ਡਾਲਰ ਦਾ ਐਕਸਪੋਰਟ ਹੋਇਆ ਸੀ।
ਇਨ੍ਹਾਂ ਉਤਪਾਦਾਂ ਦਾ ਵਧਿਆ ਐਕਸਪੋਰਟ
ਸ਼ੰਘਾਈ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ ਦੇ ਸੈਂਟਰ ਫਾਰ ਏਸ਼ੀਆ-ਪੈਸੇਫਿਕ ਸਟੱਡੀਜ ਵਿਚ ਡਾਇਰੈਕਟਰ ਝਾਓ ਗਾਂਗਛੇਂਗ ਨੇ ਦੱਸਿਆ ਕਿ ਪਿਛਲੇ ਸਾਲ ਜੁਲਾਈ ਤੋਂ ਹੀ ਭਾਰਤ ਵਲੋਂ ਚੀਨ ਵਿਚ ਰਿਵਾਇਤੀ ਕੈਮੀਕਲ ਉਤਪਾਦਾਂ ਤੋਂ ਇਲਾਵਾ ਚੌਲ, ਸੋਇਆਬੀਨ, ਫਲ ਅਤੇ ਮੱਕੀ ਵਰਗੇ ਖੇਤੀਬਾੜੀ ਉਤਪਾਦਾਂ ਦਾ ਐਕਸਪੋਰਟ ਕਾਫ਼ੀ ਵੱਧ ਰਿਹਾ ਹੈ। 2018 ਵਿਚ ਚੀਨ ਨੇ ਭਾਰਤ ਤੋਂ ਚੌਲਾਂ ਦੇ ਇੰਪੋਰਟ ਲਈ 14 ਦੀ ਜਗ੍ਹਾ 19 ਰਜਿਸਟਰਡ ਐਕਸਪੋਰਟਰਸ ਨੂੰ ਮਨਜ਼ੂਰੀ ਦਿੱਤੀ ਸੀ। ਇੰਨਾ ਹੀ ਨਹੀਂ, ਚੀਨ ਨੇ ਭਾਰਤ ਤੋਂ ਸੋਇਆਬੀਨ ਇੰਪੋਰਟ ਉੱਤੇ ਵੀ ਇੰਪੋਰਟ ਡਿਊਟੀ ਖਤਮ ਕਰ ਦਿੱਤੀ ਸੀ। ਪਹਿਲਾਂ ਇਸ ਉੱਤੇ 3 ਫ਼ੀਸਦੀ ਦਾ ਇੰਪੋਰਟ ਡਿਊਟੀ ਲੱਗਦੀ ਸੀ।