ਇਸ ਮੁਲਕ ਲਈ ਉਡਾਣਾਂ ਦਾ ਇੰਤਜ਼ਾਰ ਖ਼ਤਮ, ਦਸੰਬਰ ਤੋਂ ਲੈ ਸਕੋਗੇ ਫਲਾਈਟ

Thursday, Sep 10, 2020 - 02:15 PM (IST)

ਇਸ ਮੁਲਕ ਲਈ ਉਡਾਣਾਂ ਦਾ ਇੰਤਜ਼ਾਰ ਖ਼ਤਮ, ਦਸੰਬਰ ਤੋਂ ਲੈ ਸਕੋਗੇ ਫਲਾਈਟ

ਨਵੀਂ ਦਿੱਲੀ—  ਸ਼ਿਕਾਗੋ ਤੇ ਸੈਨ ਫ੍ਰਾਂਸਿਸਕੋ ਜਾਣ ਦੀ ਉਡੀਕ ਕਰ ਰਹੇ ਹਵਾਈ ਮੁਸਾਫ਼ਰਾਂ ਲਈ ਚੰਗੀ ਖ਼ਬਰ ਹੈ। ਜਲਦ ਹੀ ਅਮਰੀਕੀ ਜਹਾਜ਼ ਸੇਵਾ ਕੰਪਨੀ ਯੂਨਾਈਟਿਡ ਏਅਰਲਾਇੰਸ ਦਿੱਲੀ ਅਤੇ ਬੇਂਗਲੁਰੂ ਤੋਂ ਅਮਰੀਕਾ ਲਈ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।

 

ਯੂਨਾਈਟਿਡ ਏਅਰਲਾਇੰਸ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਸਾਲ ਦਸੰਬਰ ਤੋਂ ਸ਼ਿਕਾਗੋ ਅਤੇ ਦਿੱਲੀ ਵਿਚਕਾਰ ਰੋਜ਼ਾਨਾ ਉਡਾਣਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ, ਜਦੋਂ ਕਿ ਸੈਨ ਫ੍ਰਾਂਸਿਸਕੋ ਤੇ ਬੇਂਗਲੁਰੂ ਵਿਚਕਾਰ ਅਗਲੇ ਸਾਲ ਮਾਰਚ ਜਾਂ ਜੂਨ ਤੋਂ ਪਹਿਲੀ ਨਾਨ-ਸਟਾਪ ਉਡਾਣ ਸ਼ੁਰੂ ਕੀਤੀ ਜਾਏਗੀ।

ਯੂਨਾਈਟਿਡ ਏਅਰਲਾਇੰਸ ਦੀ ਦਿੱਲੀ ਅਤੇ ਮੁੰਬਈ ਤੋਂ ਨਿਊਯਾਰਕ ਤੇ ਨੇਵਾਰਕ ਅਤੇ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਲਈ ਉਡਾਣਾਂ ਪਹਿਲਾਂ ਤੋਂ ਹਨ। ਹੁਣ ਹੋਰ ਉਡਾਣਾਂ ਸ਼ੁਰੂ ਹੋਣ ਨਾਲ ਉਹ ਭਾਰਤ ਅਤੇ ਅਮਰੀਕਾ ਵਿਚਕਾਰ ਸਭ ਤੋਂ ਜ਼ਿਆਦਾ ਨਾਨ-ਸਟਾਪ ਸੇਵਾ ਦੇਣ ਵਾਲੀ ਅਮਰੀਕੀ ਏਅਰਲਾਈਨ ਬਣ ਜਾਏਗੀ। ਭਾਰਤ 'ਚ ਫਿਹਲਹਾਲ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਹੈ। ਹਾਲਾਂਕਿ, ਯੂਨਾਈਟਿਡ ਏਅਰਲਾਇੰਸ ਭਾਰਤ ਅਤੇ ਅਮਰੀਕਾ ਵਿਚਕਾਰ ਏਅਰ ਬੱਬਲ ਸਮਝੌਤੇ ਤਹਿਤ ਕੁਝ ਉਡਾਣਾਂ ਚਲਾ ਰਹੀ ਹੈ। ਇਸ ਤੋਂ ਇਲਾਵਾ ਇਹ ਅਮਰੀਕੀ ਜਹਾਜ਼ ਸੇਵਾ ਕੰਪਨੀ ਬੇਂਗਲੁਰੂ-ਸੀਏਟਲ ਵਿਚਕਾਰ ਵੀ ਉਡਾਣਾਂ ਸ਼ੁਰੂ ਕਰਨ ਵਾਲੀ ਸੀ ਪਰ ਮਹਾਮਾਰੀ ਕਾਰਨ ਇਸ ਯੋਜਨਾ ਨੂੰ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।


author

Sanjeev

Content Editor

Related News