ਯੂਕ੍ਰੇਨ-ਰੂਸ ਯੁੱਧ : ਕੇਂਦਰ ਨੂੰ ਲੈਣੇ ਪੈ ਸਕਦੇ ਹਨ ਸਖ਼ਤ ਫ਼ੈਸਲੇ, ਜਲਦ ਫਟ ਸਕਦੈ ਮਹਿੰਗਾਈ ਦਾ ਬੰਬ
Thursday, Mar 03, 2022 - 05:33 PM (IST)
ਜਲੰਧਰ (ਵਿਸ਼ੇਸ਼) – ਯੂਕ੍ਰੇਨ ਅਤੇ ਰੂਸ ਦਰਮਿਆਨ ਛਿੜੀ ਜੰਗ ਦਾ ਅਸਰ ਦੁਨੀਆ ਭਰ ’ਤੇ ਹੋ ਰਿਹਾ ਹੈ। ਭਾਰਤ ਲਈ ਸਭ ਤੋਂ ਚਿੰਤਾ ਦਾ ਵਿਸ਼ਾ ਇਹ ਹੈ ਕਿ ਜੇ ਇਹ ਜੰਗ ਲੰਮੀ ਖਿੱਚੀ ਚਲੀ ਗਈ ਤਾਂ ਕੱਚੇ ਤੇਲ ਦਾ ਭਾਅ ਹੋਰ ਉਛਲੇਗਾ, ਜਿਸ ਕਾਰਨ ਭਾਰਤ ਨੂੰ ਨਾ ਚਾਹ ਕੇ ਵੀ ਤੇਲ ਅਤੇ ਹੋਰ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਕਰਨਾ ਪਵੇਗਾ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਜਿੱਥੇ ਵਾਧਾ ਹੋਵੇਗਾ, ਉੱਥੇ ਹੀ ਸਰ੍ਹੋਂ-ਰਿਫਾਇੰਡ ਦੇ ਰੇਟ ਤੇ ਰੇਟ ਵੀ ਤੇਜ਼ੀ ਨਾਲ ਵਧ ਸਕਦੇ ਹਨ। ਹਾਲ ਹੀ ’ਚ ਭਾਰਤ ਦੀ ਅਰਥਵਿਵਸਥਾ ਕੋਵਿਡ-19 ਲਹਿਰ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਰੂਸ ਅਤੇ ਯੂਕ੍ਰੇਨ ਦਰਮਿਆਨ ਯੁੱਧ ਨੇ ਨਵੀਂ ਮੁਸੀਬਤ ਪੈਦਾ ਕਰ ਦਿੱਤੀ ਹੈ। ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਤਨਾਅ ਦੇ ਮਾਹੌਲ ’ਚ ਏਸ਼ੀਆ ’ਚ ਭਾਰਤ ਨੁਕਸਾਨ ਸਹਿਣ ਵਾਲੇ ਵੱਡੇ ਦੇਸ਼ਾਂ ’ਚੋਂ ਇਕ ਹੋ ਸਕਦਾ ਹੈ। ਬੁੱਧਵਾਰ ਸਵੇਰੇ ਹੀ ਬ੍ਰੇਂਟ ਕਰੂਡ ਦੀਆਂ ਕੀਮਤਾਂ ’ਚ 5 ਫੀਸਦੀ ਦਾ ਉਛਾਲ ਦੇਖਿਆ ਗਿਆ ਅਤੇ ਇਸ ਦੀ ਕੀਮਤ 110.88 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ। ਜਿਸ ਤਰ੍ਹਾਂ ਕਰੂਡ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਮਹਿੰਗਾਈ ਵੀ ਵਧਣ ਦੇ ਆਸਾਰ ਹਨ। ਇਸ ਨਾਲ ਭਾਰਤੀ ਅਰਥਵਿਵਸਥਾ ਵੀ ਡਾਵਾਂਡੋਲ ਹੋ ਸਕਦੀ ਹੈ। ਇਸ ਨੂੰ ਬਚਾਉਣ ਲਈ ਸਰਕਾਰ ਨੂੰ ਕੁੱਝ ਸਖਤ ਫੈਸਲੇ ਲੈਣੇ ਪੈ ਸਕਦੇ ਹਨ।
ਪਿਛਲੇ ਕੁੱਝ ਦਿਨਾਂ ਤੋਂ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇਸ ਸਬੰਧ ’ਚ ਸੰਕੇਤ ਦੇ ਰਹੀ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਹੈ ਕਿ ਯੂਕ੍ਰੇਨ ਅਤੇ ਰੂਸ ਯੁੱਧ ਕਾਰਨ ਜ਼ਰੂਰੀ ਚੀਜ਼ਾਂ ’ਤੇ ਅਸਰ ਦੇਖਣ ਨੂੰ ਮਿਲ ਸਕਦਾ ਹੈ। ਨਿਰਮਲਾ ਸੀਤਾਰਮਣ ਨੇ ਜਿੱਥੇ ਕੀਮਤਾਂ ’ਚ ਵਾਧੇ ਦੇ ਸੰਕੇਤ ਦਿੱਤੇ ਹਨ, ਉੱਥੇ ਹੀ ਉਨ੍ਹਾਂ ਨੇ ਬਰਾਮਦ ’ਚ ਕਮੀ ਦੇ ਵੀ ਸੰਕੇਤ ਦਿੱਤੇ ਹਨ। 7 ਮਾਰਚ ਨੂੰ ਉੱਤਰ ਪ੍ਰਦੇਸ਼ ’ਚ ਆਖਰੀ ਪੜਾਅ ਦੀਆਂ ਚੋਣਾਂ ਹਨ, ਜਿਸ ਤੋਂ ਬਾਅਦ ਪੰਜ ਸੂਬਿਆਂ ’ਚ ਚੋਣਾਂ ਦਾ ਦੌਰ ਖਤਮ ਹੋ ਜਾਏਗਾ। ਇਸ ਦੌਰ ਦੇ ਖਤਮ ਹੁੰਦੇ ਹੀ ਦੇਸ਼ ’ਚ ਕਈ ਉਤਪਾਦਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ : 2 ਹਜ਼ਾਰ ਤੋਂ ਵਧੇਰੇ ਭਾਰਤੀਆਂ ਦੀ ਯੂਕ੍ਰੇਨ ਤੋਂ ਹੋਈ ਵਤਨ ਵਾਪਸੀ, ਜਾਣੋ ਉਡਾਣਾਂ ਉੱਤੇ ਕਿੰਨਾ ਆ ਰਿਹੈ ਖ਼ਰਚ
7 ਮਾਰਚ ਦੀ ਸ਼ਾਮ ਤੋਂ ਹੋ ਸਕਦੈ ਵਾਧਾ
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਸੰਪੰਨ ਹੋਣ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਕੁੱਝ ਸਖਤ ਫੈਸਲੇ ਲੈਣੇ ਪੈ ਸਕਦੇ ਹਨ, ਜਿਸ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਪ੍ਰਮੁੱਖ ਹੈ। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ ਇਸ ਦਾ ਇਕ ਵੱਡਾ ਕਾਰਨ ਹੈ। ਤੇਲ ਕੰਪਨੀਆਂ ਨੂੰ ਆਮ ਮਾਰਜਨ ਹਾਸਲ ਕਰਨ ਲਈ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਘੱਟ ਤੋਂ ਘੱਟ 9 ਰੁਪਏ ਪ੍ਰਤੀ ਲਿਟਰ ਵਾਧੇ ਦੀ ਲੋੜ ਹੈ। ਰੂਸ ਤੋਂ ਤੇਲ ਦੀ ਸਪਲਾਈ ’ਚ ਰੁਕਾਵਟ ਦੇ ਖਦਸ਼ੇ ਕਾਰਨ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦਾ ਰੇਟ 110 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਿਆ ਹੈ। 2014 ਤੋਂ ਬਾਅਦ ਇਹ ਅੰਕੜਾ ਪਹਿਲੀ ਵਾਰ ਨਜ਼ਰ ਆਇਆ ਹੈ। ਪੈਟਰੋਲੀਅਮ ਮੰਤਰਾਲਾ ਦੇ ਅਧੀਨ ਆਉਣ ਵਾਲੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ. ਪੀ. ਏ. ਸੀ.) ਮੁਤਾਬਕ ਘਰੇਲੂ ਪੱਧਰ ’ਤੇ ਵਰਤੇ ਜਾਣ ਵਾਲੇ ਈਂਧਨ ਦੀਆਂ ਕੀਮਤਾਂ ’ਚ ਲਗਾਤਾਰ 118 ਦਿਨਾਂ ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ 7 ਮਾਰਚ ਦੀ ਸ਼ਾਮ ਤੋਂ ਬਾਅਦ ਇਹ ਬਦਲਾਅ ਵੀ ਦੇਖਣ ਨੂੰ ਮਿਲ ਸਕਦੇ ਹਨ।
9 ਤੋਂ 14 ਰੁਪਏ ਤੱਕ ਹੋ ਸਕਦੈ ਹੈ ਪੈਟਰੋਲ-ਡੀਜ਼ਲ ’ਚ ਵਾਧਾ
ਇਕ ਸਰਕਾਰੀ ਬੈਂਕ ਦੀ ਰਿਪੋਰਟ ਮੁਤਾਬਕ ਯੁੱਧ ਜੇ ਲੰਮਾ ਖਿੱਚਿਆ ਜਾਂਦਾ ਹੈ ਤਾਂ ਅਗਲੇ ਵਿੱਤੀ ਸਾਲ ’ਚ ਸਰਕਾਰ ਦੇ ਮਾਲੀਏ ’ਚ 1 ਲੱਖ ਕਰੋੜ ਰੁਪਏ ਤੱਕ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਰਿਪੋਰਟ ਮੁਤਾਬਕ 2021 ਦੇ ਅਖੀਰ ਤੋਂ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਆ ਰਹੀ ਹੈ। ਹੁਣ ਜਦੋਂ ਕੱਚੇ ਤੇਲ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ ਤਾਂ ਵੈਟ ਦੇ ਢਾਂਚੇ ਮੁਤਾਬਕ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ 9 ਰੁਪਏ ਤੋਂ ਲੈ ਕੇ 14 ਰੁਪਏ ਪ੍ਰਤੀ ਲਿਟਰ ਤੱਕ ਦਾ ਵਾਧਾ ਕਰਨਾ ਪਵੇਗਾ। ਜੇ ਸਰਕਾਰ ਕੀਮਤਾਂ ’ਚ ਵਾਧਾ ਰੋਕਣ ਲਈ ਐਕਸਾਈਜ਼ ਡਿਊਟੀ ’ਚ ਕਟੌਤੀ ਕਰਦੀ ਹੈ ਤਾਂ ਸਰਕਾਰ ਨੂੰ ਹਰ ਮਹੀਨੇ ਕਰੀਬ 8000 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : DGCA ਵੱਲੋਂ ਅੰਤਰਰਾਸ਼ਟਰੀ ਉਡਾਣਾਂ 'ਤੇ ਲੱਗੇ ਬੈਨ ਨੂੰ ਲੈ ਕੇ ਨਵੇਂ ਆਦੇਸ਼ ਜਾਰੀ
ਮਹਿੰਗਾਈ ’ਤੇ ਪਵੇਗਾ ਅਸਰ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਜੋ ਵਾਧੇ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਉਸ ਦਾ ਅਸਰ ਹੋਰ ਉਤਪਾਦਾਂ ’ਤੇ ਵੀ ਪਵੇਗਾ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਮਾਲ-ਢੁਆਈ ਮਹਿੰਗੀ ਹੋ ਜਾਵੇਗੀ, ਜਿਸ ਦਾ ਅਸਰ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਵਸਤਾਂ ’ਤੇ ਹੋਵੇਗਾ ਅਤੇ ਇਸ ਦਾ ਸਿੱਧਾ ਅਸਰ ਲੋਕਾਂ ਦੀ ਜੇਬ ’ਤੇ ਪਵੇਗਾ। ਜੇ ਸਿੱਧੀ ਭਾਸ਼ਾ ’ਚ ਗੱਲ ਕਰੀਏ ਤਾਂ ਰੂਸ ਅਤੇ ਯੂਕ੍ਰੇਨ ਦਰਮਿਆਨ ਚੱਲ ਰਹੇ ਯੁੱਧ ਦਾ ਅਸਰ ਜੇਬ ’ਤੇ ਪੈਣਾ ਤੈਅ ਹੈ।
150 ਡਾਲਰ ਤੱਕ ਪਹੁੰਚ ਸਕਦਾ ਹੈ ਕਰੂਡ
ਗਲੋਬਲ ਫਰਮ ਗੋਲਡਮੈਨ ਸਾਕਸ, ਮਾਰਗਨ ਸਟੇਨਲੀ ਅਤੇ ਜੇ. ਪੀ. ਮਾਰਗਨ ਨੇ ਕਰੂਡ ਆਇਲ ਕੀਮਤਾਂ ’ਤੇ ਭਵਿੱਖਬਾਣੀ ਕੀਤੀ ਹੈ। ਇਨ੍ਹਾਂ ਏਜੰਸੀਆਂ ਦਾ ਕਹਿਣਾ ਹੈ ਕਿ ਕਰੂਡ ਦੇ ਰੇਟ ਛੇਤੀ ਹੀ 150 ਡਾਲਰ ਪ੍ਰਤੀ ਬੈਰਲ ਨੂੰ ਵੀ ਪਾਰ ਕਰ ਸਕਦੇ ਹਨ। ਹਾਲਾਂਕਿ ਰੂਸ ਨੇ ਆਪਣੇ ਕਰੂਡ ਦੇ ਰੇਟ ਰਿਕਾਰਡ ਪੱਧਰ ਤੱਕ ਘਟਾ ਦਿੱਤੇ ਹਨ, ਪਰ ਅਮਰੀਕਾ ਅਤੇ ਯੂਰਪ ਵਲੋਂ ਲੱਗੀਆਂ ਪਾਬੰਦੀਆਂ ਕਾਰਨ ਕੋਈ ਵੀ ਉਸ ਨੂੰ ਖਰੀਦ ਨਹੀਂ ਰਿਹਾ।
ਇਹ ਵੀ ਪੜ੍ਹੋ : ਮਾਰਚ ਵਿੱਚ 13 ਦਿਨਾਂ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਇਸ ਮਹੀਨੇ ਦੀਆਂ ਛੁੱਟੀਆਂ ਦੀ ਪੂਰੀ ਸੂਚੀ ਬਾਰੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।