ਬ੍ਰਿਟੇਨ ਲਈ CBI ਤੇ ਈ. ਡੀ. ਟੀਮ ਰਵਾਨਾ, ਕੱਲ ਆ ਸਕਦੈ ਮਾਲਿਆ ''ਤੇ ਫੈਸਲਾ

12/09/2018 3:54:17 PM

ਲੰਡਨ— ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ 'ਤੇ ਸੋਮਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਸੁਣਵਾਈ ਹੋਵੇਗੀ। ਇਸ ਲਈ ਸੀ. ਬੀ. ਆਈ. ਅਤੇ ਈ. ਡੀ. ਦੀ ਸਾਂਝੀ ਟੀਮ ਸੀ. ਬੀ. ਆਈ. ਦੇ ਜੁਆਇੰਟ ਡਾਇਰੈਕਟਰ ਸਾਈਂ ਮਨੋਹਰ ਦੀ ਅਗਵਾਈ ਹੇਠ ਯੂ. ਕੇ. ਲਈ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾਂ ਰਾਕੇਸ਼ ਅਸਥਾਨਾ ਇਸ ਕੇਸ ਦੀ ਅਗਵਾਈ ਕਰ ਰਹੇ ਸਨ। ਯੂ. ਕੇ. ਦੀ ਅਦਾਲਤ ਸੋਮਵਾਰ ਨੂੰ ਵਿਜੈ ਮਾਲਿਆ ਦੀ ਹਵਾਲਗੀ 'ਤੇ ਆਪਣਾ ਫੈਸਲਾ ਸੁਣਾ ਸਕਦੀ ਹੈ। ਅਦਾਲਤ ਇਹ ਫੈਸਲਾ ਸੁਣਾ ਸਕਦੀ ਹੈ ਕਿ ਵਿਜੈ ਮਾਲਿਆ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ।

ਕਿੰਗਫਿਸ਼ਰ ਹਵਾਈ ਜਾਹਜ਼ ਕੰਪਨੀ ਦੇ ਮੁਖੀ ਰਹੇ 62 ਸਾਲਾ ਵਿਜੈ ਮਾਲਿਆ 'ਤੇ ਭਾਰਤੀ ਬੈਂਕਾਂ ਦਾ ਤਕਰੀਬਨ 9,000 ਕਰੋੜ ਰੁਪਏ ਦਾ ਕਰਜ਼ ਬਕਾਇਆ ਹੈ। ਮਾਲਿਆ ਮਾਰਚ 2016 ਤੋਂ ਲੰਡਨ 'ਚ ਹੈ। ਉਹ 2 ਮਾਰਚ 2016 ਨੂੰ ਭਾਰਤ ਛੱਡ ਕੇ ਬ੍ਰਿਟੇਨ ਭੱਜ ਗਿਆ ਸੀ।
ਭਾਰਤ ਸਰਕਾਰ ਲਗਾਤਾਰ ਉਸ ਦੀ ਹਵਾਲਗੀ ਦੀ ਕੋਸ਼ਿਸ ਕਰ ਰਹੀ ਹੈ। 2017 'ਚ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਮਾਲਿਆ ਦੀ ਹਵਾਲਗੀ ਦੀ ਅਪੀਲ ਕੀਤੀ ਸੀ। ਪਿਛਲੇ ਸਾਲ ਚਾਰ ਦਸੰਬਰ ਨੂੰ ਇਸ ਮਾਮਲੇ 'ਚ ਯੂ. ਕੇ. ਦੀ ਕੋਰਟ 'ਚ ਕੇਸ ਸ਼ੁਰੂ ਹੋਇਆ ਸੀ। ਭਾਰਤ ਤੇ ਬ੍ਰਿਟੇਨ ਨੇ 1992 'ਚ ਹਵਾਲਗੀ ਸੰਧੀ 'ਤੇ ਦਸਤਖਤ ਕੀਤੇ ਸਨ ਪਰ ਇਸ ਦੇ ਬਾਅਦ ਤੋਂ ਸਿਰਫ ਇਕ ਹੀ ਵਿਅਕਤੀ ਦੀ ਹਵਾਲਗੀ ਕੀਤੀ ਜਾ ਸਕਦੀ ਹੈ। ਭਾਰਤੀ ਏਜੰਸੀਆਂ ਬ੍ਰਿਟੇਨ ਦੀ ਅਦਾਲਤ 'ਚ ਵਿਜੈ ਮਾਲਿਆ ਨੂੰ ਭਾਰਤ ਲਿਆਉਣ ਦੀ ਕਾਨੂੰਨੀ ਲੜਾਈ ਲੜ ਰਹੀਆਂ ਹਨ।


Related News