UK : ਏਅਰ ਇੰਡੀਆ ਨੂੰ ਜਹਾਜ਼ ਪੱਟੇ ਦਾ ਭੁਗਤਾਨ ਕਰਨ ਦੀ ਮਿਲੀ ਮੁਹਲਤ
Saturday, Dec 12, 2020 - 07:08 PM (IST)
ਲੰਡਨ— ਏਅਰ ਇੰਡੀਆ ਨੂੰ ਬ੍ਰਿਟੇਨ ਦੀ ਇਕ ਅਦਾਲਤ ਤੋਂ ਕੁਝ ਰਾਹਤ ਮਿਲੀ ਹੈ, ਜਿਸ ਤਹਿਤ ਜੱਜ ਨੇ ਭਾਰਤੀ ਜਹਾਜ਼ ਕੰਪਨੀ ਦੀ ਵਿੱਤੀ ਸਮੱਸਿਆਵਾਂ, ਖਾਸ ਤੌਰ 'ਤੇ ਕੋਵਿਡ-19 ਕਾਰਨ ਤਾਲਾਬੰਦੀ 'ਚ ਸੇਵਾਵਾਂ ਰੱਦ ਹੋਣ ਦੇ ਮੱਦੇਨਜ਼ਰ ਪੈਦਾ ਹੋਈਆਂ ਦਿੱਕਤਾਂ ਨੂੰ ਦੇਖਦੇ ਹੋਏ ਪੱਟੇ ਦੇ 1.76 ਕਰੋੜ ਡਾਲਰ ਦੇ ਬਕਾਇਆ ਮਾਮਲੇ 'ਚ ਭੁਗਤਾਨ ਲਈ 11 ਜਨਵਰੀ 2021 ਤੱਕ ਦਾ ਸਮਾਂ ਦਿੱਤਾ ਹੈ।
ਜਸਟਿਸ ਸਾਈਮਨ ਸਾਜੇਡੋ ਨੇ ਹਾਲਾਂਕਿ ਸਮੇਂ ਸਿਰ ਪ੍ਰਕਿਰਿਆ 'ਚ ਸ਼ਾਮਲ ਨਾ ਹੋਣ ਦੇ ਅੰਸਤੋਸ਼ਜਨਕ ਵਤੀਰੇ ਲਈ ਏਅਰ ਇੰਡੀਆ ਨੂੰ ਫਟਕਾਰ ਲਾਈ।
ਚਾਈਨਾ ਏਅਰਕ੍ਰਾਫਟ ਲੀਜ਼ਿੰਗ ਕੰਪਨੀ ਲਿਮਟਿਡ (ਸੀ. ਏ. ਐੱਲ. ਸੀ.) ਦੇ 1.76 ਕਰੋੜ ਡਾਲਰ ਤੋਂ ਜ਼ਿਆਦਾ ਦੇ ਬਕਾਏ ਦੇ ਸਬੰਧ 'ਚ ਇਹ ਸੁਣਵਾਈ ਸ਼ੁੱਕਰਵਾਰ ਨੂੰ ਇੱਥੇ ਵਪਾਰਕ ਕੋਰਟ ਡਿਵੀਜ਼ਨ 'ਚ ਹੋਈ। ਇਹ ਜਹਾਜ਼ਾਂ ਦੇ ਪੱਟੇ ਅਤੇ ਰੱਖ-ਰਖਾਅ ਦੇ ਸਬੰਧ 'ਚ ਬਕਾਇਆ ਹੈ। ਜਸਟਿਸ ਨੇ ਕਿਹਾ, ''ਮੈਂ ਇਸ ਗੱਲ ਨੂੰ ਵਪਾਰਕ ਤੌਰ 'ਤੇ ਸਵੀਕਾਰ ਕਰਦਾ ਹਾਂ ਕਿ ਬਾਕੀ ਹਵਾਬਾਜ਼ੀ ਖੇਤਰ ਦੀ ਤਰ੍ਹਾਂ ਏਅਰ ਇੰਡੀਆ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਵੀ ਗੌਰਤਲਬ ਹੈ ਕਿ ਇਹ ਪੱਟਾਦਾਤਾ ਨੂੰ ਕੁਝ ਭੁਗਤਾਨ ਕਰ ਰਹੀ ਹੈ।'' ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਹਾਲਾਤ 'ਚ ਏਅਰ ਇੰਡੀਆ ਨੂੰ ਬਕਾਇਆ ਭੁਗਤਾਨ ਲਈ 11 ਜਨਵਰੀ 2021 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।