ਦੋਪਹੀਆ ਵਾਹਨ ਖਰੀਦਦਾਰਾਂ ਨੂੰ ਘੱਟ ਕੀਮਤ ''ਤੇ ਹੈਲਮੇਟ ਮੁਹੱਈਆ ਕਰਵਾਉਣ ਵਾਹਨ ਨਿਰਮਾਤਾ : ਗਡਕਰੀ
Wednesday, Sep 04, 2024 - 06:47 PM (IST)

ਨਵੀਂ ਦਿੱਲੀ- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਦੋਪਹੀਆ ਵਾਹਨ ਨਿਰਮਾਤਾਵਾਂ ਨੂੰ ਵਾਹਨ ਖਰੀਦਦਾਰਾਂ ਨੂੰ ਛੋਟ ਜਾਂ ਵਾਜਬ ਦਰ 'ਤੇ ਹੈਲਮੇਟ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਗਡਕਰੀ ਨੇ ਇੱਥੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਹੈਲਮਟ ਨਾ ਪਹਿਨਣ ਕਾਰਨ ਕਈ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਲੈਂਦੇ ਹਨ। ਸਾਲ 2022 ਵਿੱਚ ਹੈਲਮੇਟ ਨਾ ਪਾਉਣ ਕਾਰਨ ਸੜਕ ਹਾਦਸਿਆਂ ਵਿੱਚ 50,029 ਲੋਕਾਂ ਦੀ ਮੌਤ ਹੋਈ ਸੀ। ਉਨ੍ਹਾਂ ਨੇ ਕਿਹਾ, “ਮੈਂ ਦੋਪਹੀਆ ਵਾਹਨ ਨਿਰਮਾਤਾਵਾਂ ਨੂੰ ਬੇਨਤੀ ਕਰਨ ਬਾਰੇ ਸੋਚ ਰਿਹਾ ਹਾਂ। ਜੇਕਰ ਉਹ ਵਾਹਨ ਖਰੀਦਣ ਵਾਲਿਆਂ ਨੂੰ ਹੈਲਮੇਟ 'ਤੇ ਕੁਝ ਵਾਜਬ ਛੋਟ ਦੇ ਸਕਦੇ ਹਨ ਤਾਂ ਅਸੀਂ ਲੋਕਾਂ ਦੀ ਜਾਨ ਬਚਾ ਸਕਦੇ ਹਾਂ।
ਇਸ ਦੇ ਨਾਲ ਹੀ ਗਡਕਰੀ ਨੇ ਸਕੂਲੀ ਬੱਸਾਂ ਲਈ ਪਾਰਕਿੰਗ ਵਿਵਸਥਾ ਦੀ ਯੋਜਨਾ ਬਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੋਟਰ ਵਹੀਕਲ (ਸੋਧ) ਐਕਟ 2019 ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨੇ ਦੀ ਵਿਵਸਥਾ ਕਰਦਾ ਹੈ ਪਰ ਅਸਲ ਵਿੱਚ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਇੱਕ ਵੱਡੀ ਚੁਣੌਤੀ ਹੈ।