ਟਰੰਪ ਆਪਣੇ ਵਲੋਂ ਕੋਈ ਵਾਅਦਾ ਨਹੀਂ ਕਰਨਗੇ, ਭਾਰਤ ''ਤੇ ਡਿਊਟੀ ਘਟਾਉਣ ਦਾ ਦਬਾਅ ਬਣਾਉਣਗੇ

Saturday, Feb 22, 2020 - 11:21 AM (IST)

ਟਰੰਪ ਆਪਣੇ ਵਲੋਂ ਕੋਈ ਵਾਅਦਾ ਨਹੀਂ ਕਰਨਗੇ, ਭਾਰਤ ''ਤੇ ਡਿਊਟੀ ਘਟਾਉਣ ਦਾ ਦਬਾਅ ਬਣਾਉਣਗੇ

ਨਵੀਂ ਦਿੱਲੀ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਅਗਲੇ ਹਫਤੇ ਆਪਣੀ ਪਹਿਲੀ ਭਾਰਤ ਯਾਤਰਾ 'ਤੇ ਆ ਰਹੇ ਹਨ। ਇਸ ਦੌਰਾਨ ਡੋਨਾਲਡ ਟਰੰਪ ਭਾਰਤ ਯਾਤਰਾ ਦੌਰਾਨ ਆਪਣੇ ਵਲੋਂ ਕੋਈ ਵਾਇਦਾ ਨਹੀਂ ਕਰਨਗੇ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਭਾਰਤੀ ਡਿਊਟੀਆਂ/ਚਾਰਜ ਨੂੰ ਘੱਟ ਕਰਨ ਲਈ ਦਬਾਅ ਬਣਾਉਣਗੇ। ਇਹ ਸੰਕੇਤ ਉਨ੍ਹਾਂ ਨੇ ਅਮਰੀਕਾ 'ਚ ਰੈਲੀ ਦੌਰਾਨ ਦਿੱਤਾ ਹੈ। ਟਰੰਪ 24 ਅਤੇ 25 ਫਰਵਰੀ ਨੂੰ ਅਹਿਮਦਾਬਾਦ, ਆਗਰਾ ਅਤੇ ਨਵੀਂ ਦਿੱਲੀ ਦੀ ਯਾਤਰਾ ਕਰਨ ਵਾਲੇ ਹਨ। ਪਿਛਲੇ ਦਿਨੀਂ ਟਰੰਪ ਨੇ ਕਿਹਾ ਸੀ ਕਿ ਇਸ ਸਾਲ ਨਵੰਬਰ 'ਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਭਾਰਤ ਵਿਚ ਕਿਸੇ ਵੱਡੇ ਸੌਦੇ ਦੀ ਉਮੀਦ ਨਹੀਂ ਹੈ। ਹੁਣ ਉਹ ਬੋਲ ਰਹੇ ਹਨ ਕਿ ਭਾਰਤ ਵਲੋਂ ਲਗਾਈਆਂ ਜਾ ਰਹੀਆਂ 'ਡਿਊਟੀਸ' ਬਹੁਤ ਜ਼ਿਆਦਾ ਹਨ ਇਸ ਲਈ ਉਹ ਭਾਰਤ ਨਾਲ ਇਸ ਬਾਰੇ ਗੱਲ ਕਰਨਗੇ। 

ਯਾਤਰਾ ਤੋਂ ਪਹਿਲਾਂ ਭਾਰਤ 'ਤੇ ਲਗਾਇਆ ਦੋਸ਼

ਟਰੰਪ ਨੇ ਵੀਰਵਾਰ ਨੂੰ ਕੋਲੋਰਾਡੋ 'ਚ ਕੀਪ ਅਮਰੀਕੀ ਗ੍ਰੇਟ ਰੈਲੀ 'ਚ ਕਿਹਾ ਕਿ ਭਾਰਤ ਲੰਮੇ ਸਮੇਂ ਤੋਂ ਜ਼ਿਆਦਾ 'ਡਿਊਟੀਸ /ਚਾਰਜ' ਲਗਾ ਕੇ ਅਮਰੀਕਾ ਦੇ ਕਾਰੋਬਾਰ 'ਤੇ ਸੱਟ ਮਾਰ ਰਿਹਾ ਹੈ। ਅਗਲੇ ਹਫਤੇ ਮੈਂ ਭਾਰਤ ਜਾ ਰਿਹਾ ਹਾਂ। ਇਸ ਵਿਸ਼ੇ 'ਤੇ ਮੈਂ ਗੱਲ ਕਰਾਂਗਾ। ਉਹ ਸਾਡੇ 'ਤੇ ਉਹ ਚਾਰਜ ਲਗਾ ਰਹੇ ਹਨ ਜਿਹੜੇ ਦੁਨੀਆ 'ਚ ਸਭ ਤੋਂ ਵਧ 'ਡਿਊਟੀਸ' ਵਿਚੋਂ ਇਕ ਹੈ। ਇਸ ਦੌਰਾਨ ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਡਾ ਸੌਦਾ ਹੋ ਸਕਦਾ ਹੈ। ਪਰ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਵਧੀਆ ਪ੍ਰਸਤਾਵ/ਡੀਲ ਨਾ ਮਿਲੀ ਤਾਂ ਸਮਝੌਤੇ ਦੀ ਰਫਤਾਰ ਸੁਸਤ ਹੋ ਸਕਦੀ ਹੈ। ਅਸੀਂ ਚੋਣਾਂ ਦੇ ਬਾਅਦ ਗੱਲਬਾਤ ਕਰ ਸਕਦੇ ਹਾਂ।

ਭਾਰਤ ਅਮਰੀਕਾ ਦੇ ਗਲੋਬਲ ਵਪਾਰ ਵਿਚ ਕਰੀਬ 3 ਫੀਸਦੀ ਦਾ ਯੋਗਦਾਨ ਕਰਦਾ ਹੈ। ਅਮਰੀਕੀ ਕਾਂਗਰਸ ਦੀ ਹੁਣੇ ਜਿਹੇ ਜਾਰੀ ਕੀਤੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ 2018 ਵਿਚ ਅਮਰੀਕਾ ਭਾਰਤ ਨੂੰ ਦੂਜਾ ਸਭ ਤੋਂ ਵੱਡਾ ਵਸਤੂ ਨਿਰਯਾਤ ਬਾਜ਼ਾਰ(16.0 ਫੀਸਦੀ) ਸੀ। ਯੂਰਪੀਅਨ ਯੂਨੀਅਨ(17.8 ਫੀਸਦੀ) ਪਹਿਲੇ ਸਥਾਨ 'ਤੇ ਸੀ। ਵਸਤੂ ਅਤੇ ਸੇਵਾ ਦੇ ਮਾਮਲੇ ਵਿਚ ਭਾਰਤ ਅਜੇ ਅਮਰੀਕਾ ਦਾ ਅੱਠਵਾਂ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ।


Related News