USA ਨੇ ਐਮਾਜ਼ੋਨ ਦੀਆਂ 5 ਵਿਦੇਸ਼ੀ ਵੈੱਬਸਾਈਟਾਂ ਨੂੰ ਬਲੈਕਲਿਸਟ ਕੀਤਾ

04/30/2020 3:42:24 PM

ਨਿਊਯਾਰਕ : ਦਿੱਗਜ ਈ-ਕਾਮਰਸ ਕੰਪਨੀ ਐਮਾਜ਼ੋਨ ਦੀਆਂ 5 ਵਿਦੇਸ਼ੀ ਸਾਈਟਾਂ ਨੂੰ ਅਮਰੀਕੀ ਸਰਕਾਰ ਨੇ ਬਲੈਕਲਿਸਟ 'ਚ ਪਾ ਦਿੱਤਾ ਹੈ। ਇਨ੍ਹਾਂ 'ਚ ਯੂ. ਕੇ., ਜਰਮਨੀ, ਫਰਾਂਸ, ਭਾਰਤ ਅਤੇ ਕੈਨੇਡਾ 'ਚ ਇਸ ਦੇ ਈ-ਕਾਮਰਸ ਪਲੇਟਫਾਰਮ ਸ਼ਾਮਲ ਹਨ।

ਟਰੰਪ ਪ੍ਰਸ਼ਾਸਨ ਨੇ ਈ-ਕਾਮਰਸ ਪਲੇਟਫਾਰਮ 'ਤੇ ਨਕਲੀ ਅਤੇ ਪਾਈਰੇਟਡ ਸਾਮਾਨਾਂ ਦੀ ਵਿਕਰੀ ਦਾ ਦੋਸ਼ ਲਾਇਆ ਹੈ। ਸੰਯੁਕਤ ਰਾਜ ਦੇ ਵਪਾਰ ਪ੍ਰਤੀਨਿਧੀ ਵਿਭਾਗ ਨੇ ਅਮਰੀਕੀ ਕਾਰੋਬਾਰਾਂ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੰਦੇ ਕਿਹਾ ਹੈ ਕਿ ਗਾਹਕਾਂ ਨੂੰ ਆਸਾਨੀ ਨਾਲ ਇਹ ਨਹੀਂ ਦੱਸਿਆ ਜਾ ਰਿਹਾ ਕਿ ਐਮਾਜ਼ੋਨ ਪਲੇਟਫਾਰਮਾਂ 'ਤੇ ਸਾਮਾਨ ਕੌਣ ਵੇਚ ਰਿਹਾ ਹੈ। ਇਸ ਦੇ ਨਾਲ ਹੀ ਈ-ਕਾਮਰਸ ਕੰਪਨੀ ਦੀ ਨਕਲੀ ਸਾਮਾਨਾਂ ਨੂੰ ਹਟਾਉਣ ਦੀਆਂ ਪ੍ਰਕਿਰਿਆ ਵੀ ਲੰਬੀ ਰਹੀ ਹੈ।

ਐਮਾਜ਼ੋਨ ਨੇ ਦਿੱਤੀ ਸਫਾਈ
ਉੱਥੇ ਹੀ, ਇਸ 'ਤੇ ਐਮਾਜ਼ੋਨ ਨੇ ਸਫਾਈ ਦਿੰਦਿਆਂ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਇਹ ਕਦਮ ਸਾਫ ਤੌਰ 'ਤੇ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਟਰੰਪ ਪ੍ਰਸ਼ਾਸਨ ਨੇ ਜੋ ਦੋਸ਼ ਲਾਏ ਹਨ ਕੰਪਨੀ ਉਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ। ਕੰਪਨੀ ਨੇ ਡੋਨਾਲਡ ਟਰੰਪ 'ਤੇ ਨਿਸ਼ਾਨਾ ਵਿੰਨ੍ਹਦੇ ਕਿਹਾ ਕਿ ਇਹ ਰਾਜਨੀਤਿਕ ਤੌਰ 'ਤੇ ਪ੍ਰਸ਼ਾਸਨ ਦਾ ਇਸਤੇਮਾਲ ਕਰਕੇ ਐਮਾਜ਼ੋਨ ਵਿਰੁੱਧ ਨਿੱਜੀ ਬਦਲਾਖੋਰੀ ਦਾ ਕਦਮ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਜਾਲਸਾਜ਼ਾਂ ਤੇ ਧੋਖੇਬਾਜ਼ ਵਿਕਰੇਤਾਵਾਂ ਦਾ ਮੁਕਾਬਲਾ ਕਰਨ ਲਈ ਹਮਲਾਵਰ ਕਦਮ ਚੁੱਕੇ ਹਨ।
ਸੰਯੁਕਤ ਰਾਜ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਵਿਭਾਗ ਨੇ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿ ਕਿਉਂਕਿ ਐਮਾਜ਼ੋਨ 'ਤੇ ਨਕਲੀ ਸਾਮਾਨ ਵੇਚਣ ਦੀਆਂ ਕਈ ਸ਼ਿਕਾਇਤਾਂ ਆ ਰਹੀਆਂ ਸਨ। ਕਿਹਾ ਜਾ ਰਿਹਾ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਅਮਰੀਕੀ ਅਪੈਅਰਲ ਐਂਡ ਫੁਟਵੇਅਰ ਐਸੋਸੀਏਸ਼ਨ ਨੇ ਸੰਯੁਕਤ ਰਾਜ ਵਪਾਰ ਪ੍ਰਤੀਨਿਧੀ ਨੂੰ ਅਪੀਲ ਕੀਤੀ ਸੀ ਕਿ ਉਕਤ ਪੰਜਾਂ ਦੇਸ਼ਾਂ 'ਚ ਐਮਾਜ਼ੋਨ ਦੇ ਓਪਰੇਸ਼ਨ ਨੂੰ 'ਬਦਨਾਮ ਬਾਜ਼ਾਰਾਂ' ਦੀ ਸੂਚੀ 'ਚ ਸ਼ਾਮਲ ਕੀਤਾ ਜਾਵੇ। ਇੱਥੇ ਦੱਸ ਦੇਈਏ ਕਿ ਇਸ ਸੂਚੀ 'ਚ ਨਾਮ ਆਉਣ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੈ ਪਰ ਇਸ ਨਾਲ ਕੰਪਨੀਆਂ 'ਤੇ ਬਦਨਾਮੀ ਦਾ ਮਾਰਕਾ ਲੱਗ ਜਾਂਦਾ ਹੈ, ਖਾਸ ਤੌਰ 'ਤੇ ਪ੍ਰਸਿੱਧ ਕੰਪਨੀ 'ਤੇ ਜ਼ਿਆਦਾ ਅਸਰ ਪੈਂਦਾ ਹੈ।


Sanjeev

Content Editor

Related News