ਟਰੰਪ ਦਾ 'ਸਟੀਲ' ਵਾਰ, ਕੈਨੇਡਾ ਸਮੇਤ 10 ਦੇਸ਼ ਹੋਣਗੇ ਪ੍ਰਭਾਵਿਤ

Saturday, Mar 03, 2018 - 10:01 AM (IST)

ਟਰੰਪ ਦਾ 'ਸਟੀਲ' ਵਾਰ, ਕੈਨੇਡਾ ਸਮੇਤ 10 ਦੇਸ਼ ਹੋਣਗੇ ਪ੍ਰਭਾਵਿਤ

ਨਵੀਂ ਦਿੱਲੀ/ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ 'ਤੇ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਨਾ ਸਿਰਫ ਭਾਰਤ ਸਗੋਂ ਕੈਨੇਡਾ ਸਮੇਤ ਰੂਸ ਵਰਗੇ ਦੇਸ਼ ਪ੍ਰਭਾਵਿਤ ਹੋਣਗੇ। ਹਾਲਾਂਕਿ ਅਮਰੀਕਾ ਦੇ ਸਟੀਲ ਦਰਾਮਦ 'ਚ ਭਾਰਤ ਦਾ ਯੋਗਦਾਨ ਸਿਰਫ 2 ਫੀਸਦੀ ਹੈ, ਜਦੋਂ ਕਿ ਕੈਨੇਡਾ ਲਈ ਇਸ ਮਾਮਲੇ 'ਚ ਅਮਰੀਕਾ ਸਭ ਤੋਂ ਵੱਡਾ ਬਾਜ਼ਾਰ ਹੈ। ਕੈਨੇਡਾ ਆਪਣੇ ਸਟੀਲ ਦਾ ਲਗਭਗ 90 ਫੀਸਦੀ ਅਮਰੀਕਾ ਨੂੰ ਬਰਾਮਦ ਕਰਦਾ ਹੈ।ਅਮਰੀਕਾ ਨੂੰ ਸਟੀਲ ਸਪਲਾਈ ਕਰਨ ਵਾਲੇ ਟਾਪ 5 ਦੇਸ਼ਾਂ 'ਚ ਕੈਨੇਡਾ ਦਾ ਯੋਗਦਾਨ ਸਭ ਤੋਂ ਵਧ ਹੈ।

ਅਮਰੀਕਾ ਦੇ ਕੁੱਲ ਸਟੀਲ ਇੰਪੋਰਟ 'ਚ ਕੈਨੇਡਾ ਦਾ ਯੋਗਦਾਨ 16 ਫੀਸਦੀ ਹੈ, ਯਾਨੀ ਜਿੰਨੇ ਦੇਸ਼ਾਂ ਤੋਂ ਅਮਰੀਕਾ ਸਟੀਲ ਇੰਪੋਰਟ ਕਰਦਾ ਹੈ ਉਨ੍ਹਾਂ 'ਚ ਸਭ ਤੋਂ ਵਧ ਹਿੱਸਾ ਕੈਨੇਡਾ ਦਾ ਹੈ। ਸਾਲ 2017 'ਚ ਕੈਨੇਡਾ, ਬ੍ਰਾਜ਼ੀਲ, ਦੱਖਣੀ ਕੋਰੀਆ, ਮੈਕਸਿਕੋ ਅਤੇ ਰੂਸ ਅਮਰੀਕਾ ਦੇ ਟਾਪ ਸਟੀਲ ਸਪਲਾਇਰ ਰਹੇ ਸਨ। ਇਸ ਦੇ ਬਾਅਦ ਤੁਰਕੀ, ਜਾਪਾਨ, ਤਾਇਵਾਨ, ਜਰਮਨੀ ਅਤੇ ਭਾਰਤ ਸਨ। ਟਰੰਪ ਨੇ ਸਟੀਲ 'ਤੇ 25 ਫੀਸਦੀ ਅਤੇ ਐਲੂਮੀਨੀਅਮ 'ਤੇ 10 ਫੀਸਦੀ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਇਹ ਫੈਸਲਾ ਘਰੇਲੂ ਇੰਡਸਟਰੀ ਨੂੰ ਮਜ਼ਬੂਤ ਕਰਨ ਲਈ ਲਿਆ ਹੈ ਪਰ ਇਸ ਨਾਲ ਕੈਨੇਡਾ ਦੀ ਸਟੀਲ ਅਤੇ ਐਲੂਮੀਨੀਅਮ ਇੰਡਸਟਰੀ 'ਤੇ ਮਾੜਾ ਅਸਰ ਪਵੇਗਾ, ਜਿਸ ਨਾਲ ਕੈਨੇਡਾ ਦੀ ਅਰਥਵਿਵਸਥਾ ਡਾਂਵਾ-ਡੋਲ ਹੋ ਸਕਦੀ ਹੈ। ਉੱਥੇ ਹੀ, ਅਮਰੀਕਾ 'ਚ ਸਟੀਲ ਅਤੇ ਐਲੂਮੀਨੀਅਮ ਦਾ ਉਤਪਾਦਨ ਵਧੇਗਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਹਾਲਾਂਕਿ ਇੰਪੋਰਟ ਡਿਊਟੀ ਲਾਉਣ ਨਾਲ ਅਮਰੀਕਾ 'ਚ ਸਟੀਲ ਅਤੇ ਐਲੂਮੀਨੀਅਮ ਤੋਂ ਬਣਨ ਵਾਲੇ ਉਤਪਾਦ ਮਹਿੰਗੇ ਹੋ ਜਾਣਗੇ।


Related News