ਟਰੰਪ ਵਲੋਂ ਭਾਰਤ ਨਾਲ ਵੱਡੇ ਵਪਾਰ ਸਮਝੌਤੇ ਦਾ ਐਲਾਨ, 3 ਅਰਬ ਡਾਲਰ ਦੇ ਰੱਖਿਆ ਸਮਝੌਤੇ 'ਤੇ ਹੋਣਗੇ ਦਸਤਖਤ

02/24/2020 4:54:47 PM

ਨਵੀਂ ਦਿੱਲੀ — ਭਾਰਤ ਅਤੇ ਅਮਰੀਕਾ ਦੀ ਇਸਲਾਮਿਕ ਅੱਤਵਾਦ ਦੇ ਖਿਲਾਫ ਲੜਾਈ 'ਚ ਸਾਂਝੀ ਵਚਨਬੱਧਤਾ ਜ਼ਾਹਰ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਐਲਾਨ ਕੀਤਾ ਕਿ ਉਹ ਮੰਗਲਵਾਰ 25 ਫਰਵਰੀ ਨੂੰ ਨਵੀਂ ਦਿੱਲੀ 'ਚ ਅਮਰੀਕਾ ਭਾਰਤ ਨਾਲ ਤਿੰਨ ਅਰਬ ਡਾਲਰ ਦੇ ਰੱਖਿਆ ਸਮਝੌਤਿਆਂ 'ਤੇ ਦਸਤਖਤ ਕਰਨਗੇ।

ਅਹਿਮਦਾਬਾਦ ਦੇ ਮੋਟੇਰਾ ਸਥਿਤ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਸਰਦਾਰ ਸਟੇਡੀਅਮ 'ਚ 2 ਲੱਖ ਤੋਂ ਵਧ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਇਸ ਡੀਲ ਦਾ ਐਲਾਨ ਕੀਤਾ ਹੈ। ਸਟੇਜ 'ਤੇ ਮੇਲਾਨਿਆ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ।
ਇਸ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਰੱਖਿਆ ਸਹਿਯੋਗ ਨੂੰ ਅੱਗ ਵਧਾਉਂਦੇ ਰਹਾਂਗੇ। ਅਮਰੀਕਾ ਭਾਰਤ ਨੂੰ ਦੁਨੀਆ ਦੇ ਸਭ ਤੋਂ ਉੱਤਮ ਅਤੇ ਸਭ ਤੋਂ ਵੱਧ ਘਾਤਕ ਫੌਜੀ ਉਪਕਰਣ ਉਪਲੱਬਧ ਕਰਵਾਉਣਾ ਚਾਹੁੰਦੇ ਹਾਂ। ਅਸੀਂ ਅਜਿਹੇ ਆਧੁਨਿਕ ਹਥਿਆਰ ਬਣਾਉਂਦੇ ਹਾਂ ਜਿਸ ਤਰ੍ਹਾਂ ਦੇ ਕੋਈ ਹੋਰ ਨਹੀਂ ਬਣਾਉਂਦਾ। ਭਾਰਤ ਦੇ ਨਾਲ ਇਨ੍ਹਾਂ ਦੀ ਖਰੀਦ ਦੀ ਗੱਲ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੰਗਲਵਾਰ ਨੂੰ ਸਾਡੇ ਨੁਮਾਇੰਦੇ ਤਿੰਨ ਅਰਬ ਡਾਲਰ ਤੋਂ ਜ਼ਿਆਦਾ ਦੇ ਵਿਕਰੀ ਸੌਦੇ 'ਤੇ ਦਸਤਖਤ ਕਰਣਗੇ ਜਿਨ੍ਹਾਂ 'ਚ ਆਧੁਨਿਕ ਫੌਜੀ ਹੈਲੀਕਾਪਟਰ ਅਤੇ ਹੋਰ ਫੌਜੀ ਉਪਕਰਣ ਸ਼ਾਮਲ ਹੋਣਗੇ। ‘ਨਮਸਤੇ ਟਰੰਪ’ ਪ੍ਰੋਗਰਾਮ ਵਿਚ ਮੋਦੀ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਗਲੇ 10 ਸਾਲਾਂ ਵਿਚ ਤੁਹਾਡੇ ਦੇਸ਼ ਵਿਚੋਂ ਅਤਿ ਦੀ ਗਰੀਬੀ ਦੂਰ ਹੋ ਜਾਵੇਗੀ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ, 'ਭਾਰਤ ਅਤੇ ਅਮਰੀਕਾ ਆਪਣੇ ਲੋਕਾਂ ਨੂੰ ਕੱਟੜਪੰਥੀ ਇਸਲਾਮਿਕ ਅੱਤਵਾਦ ਤੋਂ ਬਚਾਉਣ ਲਈ ਵਚਨਬੱਧ ਹਨ।' ਉਨ੍ਹਾਂ ਨੇ ਕਿਹਾ,'ਭਾਰਤ-ਅਮਰੀਕਾ ਅੱਤਵਾਦ ਅਤੇ ਉਸਦੀ ਵਿਚਾਰਧਾਰਾ ਨਾਲ ਲੜਣ ਲਈ ਵਚਨਬੱਧ ਹੈ, ਇਸ ਲਈ ਮੇਰੀ ਸਰਕਾਰ ਅੱਤਵਾਦ ਸਮੂਹ ਨਾਲ ਨਜਿੱਠਣ ਲਈ  ਪਾਕਿਸਤਾਨ ਨਾਲ ਕੰਮ ਕਰ ਰਹੀ ਹੈ।' ”ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਅਮਰੀਕਾ ਵਿਚਕਾਰ ਕੁਦਰਤੀ ਅਤੇ ਸਥਾਈ ਦੋਸਤੀ ਹੈ ਅਤੇ ਉਨ੍ਹਾਂ ਦੇ ਦੇਸ਼ ਨਾਲ ਸੰਬੰਧਾਂ 'ਚ ਭਾਰਤ ਦਾ ਵਿਸ਼ੇਸ਼ ਸਥਾਨ ਹੈ। ਮੋਟੇਰਾ ਸਟੇਡੀਅਮ ਵਿਖੇ ਪਤਨੀ ਮੇਲਾਨੀਆ, ਬੇਟੀ ਇਵਾਂਕਾ, ਜਵਾਈ ਜੇਰੇਡ ਕੁਸ਼ਨਰ ਦੀ ਮੌਜੂਦਗੀ ਵਿਚ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਨੂੰ ਪਸੰਦ ਕਰਦਾ ਹੈ ਅਤੇ ਇਕ ਵਫ਼ਾਦਾਰ ਦੋਸਤ ਬਣਿਆ ਰਹੇਗਾ।


Related News