ਟੋਇਟਾ ਕਿਰਲੋਸਕਰ ਮੋਟਰ ਨੇ ਆਟੋ ਲੋਨ ਲਈ ਯੂਨੀਅਨ ਬੈਂਕ ਆਫ ਇੰਡੀਆ ਨਾਲ ਕੀਤੀ ਸਾਂਝੇਦਾਰੀ
Saturday, Aug 31, 2024 - 04:00 PM (IST)
ਨਵੀਂ ਦਿੱਲੀ (ਭਾਸ਼ਾ) - ਟੋਇਟਾ ਕਿਰਲੋਸਕਰ ਮੋਟਰ ਨੇ ਕਿਹਾ ਕਿ ਉਸ ਨੇ ਆਟੋ ਲੋਨ ਲਈ ਯੂਨੀਅਨ ਬੈਂਕ ਆਫ ਇੰਡੀਆ ਨਾਲ ਇਕ ਸਮਝੌਤਾ ਪੱਤਰ (ਐੱਮ. ਓ. ਯੂ.) ’ਤੇ ਦਸਤਖਤ ਕੀਤੇ ਹਨ। ਕੰਪਨੀ ਨੇ ਕਿਹਾ ਕਿ ਇਸ ਸਾਂਝੇਦਾਰੀ ਦੇ ਤਹਿਤ ਗਾਹਕ ਨਿੱਜੀ ਵਰਤੋਂ ਲਈ ਖਰੀਦੇ ਗਏ ਕਿਸੇ ਵੀ ਟੋਇਟਾ ਵਾਹਨ ਦੀ ਕੀਮਤ ਦੇ 90 ਪ੍ਰਤੀਸ਼ਤ ਤੱਕ ਦੀ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਕਰਜ਼ਾ ਖਤਮ ਕਰਨ ਜਾਂ ਅੰਸ਼ਕ ਭੁਗਤਾਨ ’ਤੇ ਲੱਗਣ ਵਾਲੀ ਫੀਸ ਤੋਂ ਛੋਟ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਪ੍ਰਾਈਵੇਟ ਵਾਹਨ ਗਾਹਕ 8.8 ਪ੍ਰਤੀਸ਼ਤ ਪ੍ਰਤੀ ਸਾਲ ਤੋਂ ਸ਼ੁਰੂ ਹੋਣ ਵਾਲੀਆਂ ਵਿਆਜ ਦਰਾਂ ਦੇ ਨਾਲ 7 ਸਾਲਾਂ ਤੱਕ ਦੀ ਲਚਕਦਾਰ ਮਿਆਦ ਦੇ ਬਦਲ ਦੀ ਚੋਣ ਕਰ ਸਕਦੇ ਹਨ। ਇਸ ਸਮੇਂ ਵਪਾਰਕ ਵਾਹਨ ਗਾਹਕ ਪ੍ਰਤੀਯੋਗੀ ਦਰਾਂ ਦੇ ਨਾਲ 5 ਸਾਲ ਤੱਕ ਦੀ ਮਿਆਦ ਦਾ ਬਦਲ ਚੁਣ ਸਕਦੇ ਹਨ। ਸਾਬਰੀ ਮਨੋਹਰ, ਵਾਈਸ ਚੇਅਰਮੈਨ (ਸੇਲਜ਼, ਸਰਵਿਸ, ਯੂਜ਼ਡ ਕਾਰ ਬਿਜ਼ਨੈੱਸ), ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਕਿਹਾ ਕਿ ਇਹ ਸਹਿਯੋਗ ਵਾਹਨ ਵਿੱਤੀ ਮਦਦ ਨੂੰ ਸਰਲ ਅਤੇ ਵਧੇਰੇ ਪਹੁੰਚਯੋਗ ਬਣਾ ਕੇ ਗਾਹਕਾਂ ਨੂੰ ਬਿਹਤਰ ਸੇਵਾ ਦੇਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।