2014-26 ਦੌਰਾਨ ਕੁੱਲ ‘ਪ੍ਰਤੱਖ ਵਿਦੇਸ਼ੀ ਨਿਵੇਸ਼’ 843 ਅਰਬ ਡਾਲਰ ਰਿਹਾ : ਪਿਊਸ਼ ਗੋਇਲ

Saturday, Sep 26, 2026 - 01:36 PM (IST)

2014-26 ਦੌਰਾਨ ਕੁੱਲ ‘ਪ੍ਰਤੱਖ ਵਿਦੇਸ਼ੀ ਨਿਵੇਸ਼’ 843 ਅਰਬ ਡਾਲਰ ਰਿਹਾ : ਪਿਊਸ਼ ਗੋਇਲ

ਨਵੀਂ ਦਿੱਲੀ (ਏਜੰਸੀ)- ਭਾਰਤ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ਼. ਡੀ. ਆਈ.) 2025-26 ’ਚ 94.53 ਅਰਬ ਡਾਲਰ ਦੇ ਕੁੱਲ-ਵਕਤੀ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ, ਜਦੋਂ ਕਿ 2014-26 ਦੌਰਾਨ ਸਮੁੱਚਾ ਐੱਫ਼. ਡੀ. ਆਈ. ਪ੍ਰਵਾਹ 843 ਅਰਬ ਡਾਲਰ ਰਿਹਾ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਇਹ ਵੀ ਦੱਸਿਆ ਕਿ 31 ਮਾਰਚ ਤੱਕ ਉਤਪਾਦਨ ਨਾਲ ਜੁੜੇ ਉਤਸ਼ਾਹਨ (ਪੀ. ਐੱਲ. ਆਈ.) ਸਕੀਮਾਂ ਕਾਰਨ 2.40 ਲੱਖ ਕਰੋੜ ਰੁਪਏ ਦਾ ਅਸਲ ਨਿਵੇਸ਼ ਹੋਇਆ, 23.8 ਲੱਖ ਕਰੋੜ ਰੁਪਏ ਦਾ ਉਤਪਾਦਨ/ਵਿਕਰੀ ਹੋਈ ਅਤੇ 15.2 ਲੱਖ ਕਰੋੜ ਰੁਪਏ ਦੀ ਬਰਾਮਦ ਦਰਜ ਕੀਤੀ ਗਈ। ਇਸ ਦੇ ਨਾਲ ਹੀ ਇਨ੍ਹਾਂ ਸਕੀਮਾਂ ਨਾਲ 14.6 ਲੱਖ ਤੋਂ ਵੱਧ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਪੈਦਾ ਹੋਏ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਦੂਰਸੰਚਾਰ, ਦਵਾਈ, ਮੈਡੀਕਲ ਉਪਕਰਨ, ਵਾਹਨ, ਆਈ. ਟੀ. ਹਾਰਡਵੇਅਰ ਅਤੇ ਵਿਸ਼ੇਸ਼ ਇਸਪਾਤ ਵਰਗੇ ਖੇਤਰਾਂ ਨੂੰ ਪੀ. ਐੱਲ. ਆਈ. ਸਕੀਮਾਂ ਤੋਂ ਕਾਫ਼ੀ ਲਾਭ ਹੋਇਆ ਹੈ।

‘ਮੇਕ ਇਨ ਇੰਡੀਆ’ ਮੁਹਿੰਮ ਦੀ 12ਵੀਂ ਵਰ੍ਹੇਗੰਢ ਦੇ ਮੌਕੇ ਸੋਸ਼ਲ ਮੀਡੀਆ ’ਤੇ ਗੋਇਲ ਨੇ ਪੋਸਟ ਕੀਤਾ, ‘‘ਇਹ ਅੰਕੜਾ ਇਕ ਉਤਸ਼ਾਹਜਨਕ ਤਸਵੀਰ ਪੇਸ਼ ਕਰਦੇ ਹਨ। ਭਾਰਤ ਨੇ ਵਿੱਤੀ ਸਾਲ 2025-26 ’ਚ 94.53 ਅਰਬ ਅਮਰੀਕੀ ਡਾਲਰ ਦਾ ਹੁਣ ਤੱਕ ਦਾ ਸਭ ਤੋਂ ਵੱਧ ਸਾਲਾਨਾ ਐੱਫ਼. ਡੀ. ਆਈ. ਪ੍ਰਵਾਹ ਦਰਜ ਕੀਤਾ, ਜਦੋਂ ਕਿ ਵਿੱਤੀ ਸਾਲ 2014-15 ਤੋਂ ਵਿੱਤੀ ਸਾਲ 2025-26 ਤੱਕ ਸਮੁੱਚਾ ਐੱਫ਼. ਡੀ. ਆਈ. ਪ੍ਰਵਾਹ 843 ਅਰਬ ਡਾਲਰ ਤੱਕ ਪਹੁੰਚ ਗਿਆ।’’

ਉਨ੍ਹਾਂ ਅੱਗੇ ਕਿਹਾ ਕਿ ਗਲੋਬਲ ਪੱਧਰ ’ਤੇ ਮੁਕਾਬਲੇਬਾਜ਼ ਨਿਰਮਾਣ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਵਾਸਤੇ ਰਾਸ਼ਟਰੀ ਉਦਯੋਗਿਕ ਲਾਂਘਾ ਵਿਕਾਸ ਪ੍ਰੋਗਰਾਮ ਦੇ ਤਹਿਤ ਪੂਰੇ ਦੇਸ਼ ’ਚ ਨਵੇਂ ਉਦਯੋਗਿਕ ਸਮਾਰਟ ਸ਼ਹਿਰ ਸਥਾਪਤ ਕੀਤੇ ਜਾ ਰਹੇ ਹਨ।

ਭਾਰਤ, ਆਸਟ੍ਰੇਲੀਆ ਦੁਵੱਲੀ ਨਿਵੇਸ਼ ਸੰਧੀ ’ਚ ਮਿਲ ਕੇ ਕਰ ਰਹੇ ਹਨ ਕੰਮ

ਗੋਇਲ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀ. ਈ. ਸੀ. ਏ.) ਅਤੇ ਦੁਵੱਲੀ ਨਿਵੇਸ਼ ਸੰਧੀ (ਬੀ. ਆਈ. ਟੀ.) ’ਚ ਮਿਲ ਕੇ ਕੰਮ ਕਰ ਰਹੇ ਹਨ। ਇਨ੍ਹਾਂ ਸਮਝੌਤਿਆਂ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਧਾਉਣਾ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।

ਆਸਟ੍ਰੇਲੀਆ ’ਚ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ. ਸੀ. ਏ. ਆਈ.) ਦੀ ਪਹਿਲੀ ‘ਓਸ਼ਿਨੀਆ ਇੰਟਰਨੈਸ਼ਨਲ ਕਾਨਫ਼ਰੰਸ 2026’ ਨੂੰ ਸੰਬੋਧਨ ਕਰਦੇ ਹੋਏ ਗੋਇਲ ਨੇ ਕਿਹਾ ਕਿ ਦੋਵੇਂ ਦੇਸ਼ ਸਿੱਖਿਆ ਅਤੇ ਮਹੱਤਵਪੂਰਨ ਖਣਿਜਾਂ ਵਰਗੇ ਖੇਤਰਾਂ ’ਚ ਸਹਿਯੋਗ ਵਧਾ ਸਕਦੇ ਹਨ। ਦੋਵਾਂ ਦੇਸ਼ਾਂ ਨੇ 2022 ’ਚ ਆਰਥਿਕ ਭਾਈਵਾਲੀ ਅਤੇ ਵਪਾਰ ਸਮਝੌਤਾ (ਈ. ਸੀ. ਟੀ. ਏ.) ਲਾਗੂ ਕੀਤਾ ਸੀ ਅਤੇ ਹੁਣ ਇਸ ਸਮਝੌਤੇ ਦਾ ਘੇਰਾ ਵਧਾ ਕੇ ਇਸ ਨੂੰ ਸੀ. ਈ. ਸੀ. ਏ. ’ਚ ਬਦਲਣ ਲਈ ਗੱਲਬਾਤ ਕੀਤੀ ਜਾ ਰਹੀ ਹੈ। ਗੋਇਲ ਨੇ ਕਿਹਾ, ‘‘ਹੁਣ ਅਸੀਂ ਇਕ ਸੰਤੁਲਿਤ, ਨਿਰਪੱਖ ਅਤੇ ਸਰਕਸੰਗਤ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਦੀ ਦਿਸ਼ਾ ’ਚ ਕੰਮ ਕਰਨ ਦਾ ਫੈਸਲਾ ਕੀਤਾ ਹੈ, ਜੋ ਸਾਡੇ ਸਬੰਧਾਂ ਨੂੰ ਨਵੀਂਆਂ ਉੱਚਾਈਆਂ ਤੱਕ ਲੈ ਜਾਵੇਗਾ। ਅਸੀਂ ਆਸਟ੍ਰੇਲੀਆ ਦੇ ਨਾਲ ਦੁਵੱਲੀ ਨਿਵੇਸ਼ ਸੰਧੀ ਲਈ ਵੀ ਕੰਮ ਕਰ ਰਹੇ ਹਾਂ।’’

ਐੱਫ. ਡੀ. ਆਈ. 6 ਫੀਸਦੀ ਵਧ ਕੇ 19.81 ਅਰਬ ਡਾਲਰ ’ਤੇ ਪਹੁੰਚਿਆ

ਦੇਸ਼ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਚਾਲੂ ਮਾਲੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ 6 ਫੀਸਦੀ ਵਧ ਕੇ 19.81 ਅਰਬ ਡਾਲਰ ਰਿਹਾ। ਉਦਯੋਗ ਅਤੇ ਅੰਦਰੂਨੀ ਵਪਾਰ ਉਤਸਾਹਨ ਵਿਭਾਗ (ਡੀ. ਪੀ. ਆਈ. ਆਈ. ਟੀ.) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਪਿਛਲੇ ਮਾਲੀ ਸਾਲ 2025-26 ਦੀ ਇਸੇ ਮਿਆਦ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ 18.62 ਅਰਬ ਡਾਲਰ ਰਿਹਾ ਸੀ। ਚਾਲੂ ਮਾਲੀ ਸਾਲ ਦੀ ਪਹਿਲੀ ਤਿਮਾਹੀ ’ਚ ਭਾਰਤ ਨੂੰ ਸਭ ਤੋਂ ਵੱਧ ਐੱਫ. ਡੀ. ਆਈ. ਸਿੰਗਾਪੁਰ, ਮਾਰੀਸ਼ਸ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਮਿਲਿਆ।


author

cherry

Content Editor

Related News