ਹੁਣ ਟ੍ਰੇਨ ''ਚ ਸਫਰ ਦੌਰਾਨ ਤੁਸੀਂ ਨਾ ਕਰਿਓ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ! ਆ ਗਿਆ ਨਵਾਂ ਨਿਯਮ

Monday, Oct 19, 2026 - 09:53 PM (IST)

ਹੁਣ ਟ੍ਰੇਨ ''ਚ ਸਫਰ ਦੌਰਾਨ ਤੁਸੀਂ ਨਾ ਕਰਿਓ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ! ਆ ਗਿਆ ਨਵਾਂ ਨਿਯਮ

ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਟ੍ਰੇਨਾਂ ਅਤੇ ਰੇਲਵੇ ਪਰਿਸਰ ਵਿੱਚ ਮੋਬਾਈਲ ਫੋਨ 'ਤੇ ਉੱਚੀ ਆਵਾਜ਼ ਵਿੱਚ ਗੱਲ ਕਰਨ ਜਾਂ ਸਪੀਕਰ 'ਤੇ ਆਡੀਓ-ਵੀਡੀਓ ਚਲਾਉਣ ਵਾਲੇ ਯਾਤਰੀਆਂ ਖ਼ਿਲਾਫ਼ ਸਖ਼ਤ ਰੁੱਖ ਅਪਣਾਉਂਦਿਆਂ ਚਿਤਾਵਨੀ ਜਾਰੀ ਕੀਤੀ ਹੈ। ਰੇਲਵੇ ਦੇ ਨਵੇਂ ਨਿਰਦੇਸ਼ਾਂ ਅਨੁਸਾਰ ਅਜਿਹਾ ਕਰਕੇ ਹੋਰਨਾਂ ਸਹਿ-ਯਾਤਰੀਆਂ ਲਈ ਪ੍ਰੇਸ਼ਾਨੀ ਖੜ੍ਹੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ 1,000 ਰੁਪਏ ਤੱਕ ਦਾ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ।

ਸਾਊਥ-ਵੇਸਟਰਨ ਰੇਲਵੇ ਅਤੇ ਸਾਊਦਰਨ ਰੇਲਵੇ ਹੈੱਡਕੁਆਰਟਰ ਵੱਲੋਂ ਆਪਣੇ ਸਾਰੇ ਡਿਵੀਜ਼ਨਾਂ ਨੂੰ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ, ਜੇਕਰ ਕੋਈ ਯਾਤਰੀ ਮਨਾ ਕਰਨ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਖ਼ਿਲਾਫ਼ ਰੇਲਵੇ ਐਕਟ ਦੀ ਧਾਰਾ 145 ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ 'ਜਨ ਵਿਸ਼ਵਾਸ (ਪ੍ਰਾਵਧਾਨਾਂ ਵਿੱਚ ਸੰਸ਼ੋਧਨ) ਐਕਟ, 2026' ਤਹਿਤ ਸੋਧ ਕੀਤੀ ਧਾਰਾ 145(2)(a) ਦਾ ਹਵਾਲਾ ਦਿੱਤਾ ਗਿਆ ਹੈ, ਜੋ ਯਾਤਰੀਆਂ ਦੇ ਆਰਾਮਦਾਇਕ ਸਫ਼ਰ ਵਿੱਚ ਅੜਿੱਕਾ ਪਾਉਣ ਵਾਲੇ ਵਿਅਕਤੀਆਂ 'ਤੇ ਸ਼ਿਕੰਜਾ ਕੱਸਦੀ ਹੈ। ਟਿਕਟ ਚੈਕਰ (ਟੀ.ਟੀ.ਈ.) ਜਾਂ ਉਸ ਤੋਂ ਉੱਚ ਅਹੁਦੇ ਦੇ ਕਮਰਸ਼ੀਅਲ ਸਟਾਫ਼ ਨੂੰ ਮੌਕੇ 'ਤੇ ਹੀ 1,000 ਰੁਪਏ ਦਾ ਜੁਰਮਾਨਾ ਲਗਾਉਣ ਦਾ ਅਧਿਕਾਰ ਦਿੱਤਾ ਗਿਆ ਹੈ।

ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੇਨ ਵਿੱਚ ਸਫ਼ਰ ਦੌਰਾਨ ਫੋਨ ਨੂੰ ਸਾਈਲੈਂਟ ਜਾਂ ਵਾਈਬ੍ਰੇਸ਼ਨ ਮੋਡ 'ਤੇ ਰੱਖਣ ਅਤੇ ਆਡੀਓ-ਵੀਡੀਓ ਸੁਣਨ ਲਈ ਈਅਰਫ਼ੋਨ ਦੀ ਵਰਤੋਂ ਕਰਨ। ਰੇਲਵੇ ਵੱਲੋਂ 'ਪਬਲਿਕ ਐਡਰੈੱਸ ਸਿਸਟਮ' ਰਾਹੀਂ ਹਿੰਦੀ, ਅੰਗਰੇਜ਼ੀ ਅਤੇ ਸਥਾਨਕ ਭਾਸ਼ਾਵਾਂ ਵਿੱਚ ਯਾਤਰੀਆਂ ਨੂੰ ਜਾਗਰੂਕ ਕਰਨ ਲਈ ਐਲਾਨ ਕੀਤੇ ਜਾਣਗੇ ਅਤੇ ਸਟੇਸ਼ਨਾਂ 'ਤੇ ਨੋਟਿਸ ਬੋਰਡ ਵੀ ਲਗਾਏ ਜਾਣਗੇ।

ਰੇਲਵੇ ਅਧਿਕਾਰੀਆਂ ਅਨੁਸਾਰ, ਮੋਬਾਈਲ ਇੰਟਰਨੈੱਟ ਦੀ ਆਸਾਨ ਪਹੁੰਚ ਕਾਰਨ ਜਨਤਕ ਥਾਵਾਂ ਅਤੇ ਕੋਚਾਂ ਵਿੱਚ ਸਪੀਕਰ 'ਤੇ ਵੀਡੀਓ ਚਲਾਉਣ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਸਨ। ਯਾਤਰੀਆਂ ਦੇ ਸ਼ਾਂਤਮਈ ਸਫ਼ਰ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਸਬੰਧਤ ਡਿਵੀਜ਼ਨਾਂ ਨੂੰ 20 ਅਕਤੂਬਰ 2026 ਤੱਕ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ।
 


author

Inder Prajapati

Content Editor

Related News