ਕੰਜ਼ਿਊਮਰ ਸਟਾਕਸ 'ਤੇ ਭਾਰੀ ਕੋਵਿਡ ਲਹਿਰ, ਫੰਡ ਮੈਨੇਜਰ ਕਰ ਰਹੇ ਕਿਨਾਰਾ
Tuesday, May 18, 2021 - 06:47 PM (IST)
ਮੁੰਬਈ- ਲਗਭਗ ਇਕ ਦਹਾਕੇ ਤੋਂ ਭਾਰਤੀ ਸਟਾਕਸ ਵਿਚ ਸਭ ਤੋਂ ਵੱਧ ਪੈਸਾ ਕਮਾ ਕੇ ਦੇਣ ਵਾਲੇ ਕੰਜ਼ਿਊਮਰ ਸਟਾਕਸ ਹੁਣ ਕੋਵਿਡ ਮਹਾਮਾਰੀ ਵਿਚਕਾਰ ਚਮਕ ਖੋਹ ਰਹੇ ਹਨ।
ਦੇਸ਼ ਦੇ ਚੋਟੀ ਦੇ ਫੰਡ ਮੈਨੇਜਰਾਂ ਨੇ ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿਚ ਦਿਲਚਸਪੀ ਘਟਾਈ ਹੈ ਜੋ ਭਾਰਤ ਦੀ ਖ਼ਪਤ ਵਿਚ ਲਗਾਤਾਰ ਹੋ ਰਹੇ ਵਾਧੇ ਨਾਲ ਮੁਨਾਫੇ ਦੇਣ ਵਿਚ ਟਾਪ 'ਤੇ ਰਹੇ ਸਨ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਨਾਲ ਕੰਪਨੀਆਂ ਦਾ ਮੁਨਾਫਾ ਘਟਣਾ ਸ਼ੁਰੂ ਹੋ ਸਕਦਾ ਹੈ। ਹੁਣ ਤੱਕ ਕੰਪਨੀਆਂ ਵਿਕਰੀ ਵਿਚ ਨੁਕਸਾਨ ਕੀਤੇ ਬਿਨਾਂ ਖਪਤਕਾਰਾਂ ਨੂੰ ਲਾਗਤ ਦਾ ਬੋਝ ਪਾਸ ਕਰਨ ਵਿਚ ਸਫਲ ਰਹੀਆਂ ਹਨ ਪਰ ਇਹ ਲੰਮੇ ਸਮੇਂ ਤੱਕ ਨਹੀਂ ਚੱਲ ਸਕਦਾ।
ਹਿੰਦੁਸਤਾਨ ਯੂਨੀਲੀਵਰ, ਨੈਸਲੇ, ਏਸ਼ੀਅਨ ਪੇਂਟਸ, ਟਾਈਟਨ ਅਤੇ ਐਵੇਨਿਊ ਸੁਪਰਮਾਰਕੀਟਸ ਵਰਗੇ ਪ੍ਰਮੁੱਖ ਕੰਜ਼ਿਊਮਰ ਸਟਾਕਸ ਉਨ੍ਹਾਂ ਵਿਚੋਂ ਹਨ ਜੋ 2021 ਵਿਚ ਮਿਊਚੁਅਲ ਫੰਡਸ ਦੀ ਮਹੀਨਾਵਾਰ ਖ਼ਰੀਦਦਾਰੀ ਲਿਸਟ ਵਿਚੋਂ ਜ਼ਿਆਦਾਤਰ ਗਾਇਬ ਹਨ। ਇਹ ਪਹਿਲਾਂ ਦੀ ਸਥਿਤੀ ਤੋਂ ਬਿਲਕੁਲ ਉਲਟ ਹੈ ਜਦੋਂ ਫੰਡ ਮੈਨੇਜਰ ਇਨ੍ਹਾਂ ਕੰਪਨੀਆਂ ਨੂੰ ਪੋਰਟਫੋਲੀਓ ਵਿਚ ਤਦ ਵੀ ਰੱਖਦੇ ਸਨ ਜਦੋਂ ਇਨ੍ਹਾਂ ਸਟਾਕਸ ਦੀ ਕੀਮਤ ਸਹੀ ਮੁੱਲ ਤੋਂ ਵੀ ਉੱਪਰ ਨਿਕਲ ਜਾਂਦੀ ਸੀ ਕਿਉਂਕਿ ਇਹ ਕੁਝ ਉਹ ਕੰਪਨੀਆਂ ਸਨ ਜੋ ਮਜਬੂਤੀ ਨਾਲ ਅੱਗੇ ਵੱਧ ਰਹੀਆਂ ਸਨ। ਹਾਲਾਂਕਿ, ਇਸ ਸਾਲ ਮੈਟਲਸ ਅਤੇ ਸੀਮੈਂਟ ਸਟਾਕਸ ਵਿਚ 13 ਸਾਲਾਂ ਪਿੱਛੋਂ ਜ਼ਬਰਦਸਤ ਤੇਜ਼ੀ ਨੇ ਇਹ ਰੁਝਾਨ ਬਦਲ ਦਿੱਤਾ। ਫੰਡ ਮੈਨੇਜਰਾਂ ਦਾ ਕਹਿਣਾ ਹੈ ਕਿ ਦੂਜੀ ਲਹਿਰ ਕਾਰਨ ਪਿੰਡਾਂ ਵਿਚ ਜਿਸ ਤਰ੍ਹਾਂ ਮੈਡੀਕਲ ਖ਼ਰਚ ਵੱਧ ਗਿਆ ਹੈ, ਉਸ ਹਿਸਾਬ ਨਾਲ ਖ਼ਪਤਕਾਰ ਮੰਗ ਵਿਚ ਉਹ ਤੇਜ਼ੀ ਨਹੀਂ ਆਉਣ ਵਾਲੀ ਜਿਸ ਤਰ੍ਹਾਂ 2020 ਵਿਚ ਸੰਕਰਮਣ ਦੀ ਦਰ ਸੁਸਤ ਹੋਣ ਨਾਲ ਆਈ ਸੀ।