ਬੇਮੌਸਮਾ ਮੀਂਹ ਵਿਗਾੜੇਗਾ ਰਸੋਈ ਦਾ ਬਜਟ, ਟਮਾਟਰ ਤੇ ਅਦਰਕ ਦੀਆਂ ਕੀਮਤਾਂ ਨੂੰ ਲੱਗੀ 'ਅੱਗ'
Tuesday, Jun 06, 2023 - 05:01 PM (IST)
ਬਿਜ਼ਨੈੱਸ ਡੈਸਕ : ਟਮਾਟਰ ਨੇ ਇਕ ਵਾਰ ਫਿਰ ਤੋਂ ਆਪਣਾ ਰੁਦਰ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇਕ ਪੰਦਰਵਾੜੇ 'ਚ ਟਮਾਟਰ ਅਤੇ ਅਦਰਕ ਦੀਆਂ ਕੀਮਤਾਂ ਵਿੱਚ ਰਾਕੇਟ ਦੀ ਰਫ਼ਤਾਰ ਨਾਲ ਵਾਧਾ ਹੋਇਆ ਹੈ। ਹਾਲ ਹੀ ਵਿੱਚ ਹੋਈ ਬੇਮੌਸਮੀ ਬਰਸਾਤ ਨੇ ਉੱਤਰੀ ਭਾਰਤ ਵਿੱਚ ਟਮਾਟਰ ਦੀ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਅਦਰਕ ਦੇ ਭਾਅ ਦੁੱਗਣੇ ਹੋ ਗਏ ਹਨ, ਜੋ ਹੁਣ ਅਸਮਾਨ ਤੱਕ ਪਹੁੰਚ ਗਏ।
ਇਹ ਵੀ ਪੜ੍ਹੋ : ਬੈਂਕ ਆਫ ਬੜੌਦਾ ਦਾ ਗਾਹਕਾਂ ਨੂੰ ਵੱਡਾ ਤੋਹਫ਼ਾ, ਅਜਿਹੀ ਸਹੂਲਤ ਦੇਣ ਵਾਲਾ ਬਣਿਆ ਦੇਸ਼ ਦਾ ਪਹਿਲਾ ਬੈਂਕ
ਟਮਾਟਰ ਦੇ ਭਾਅ
ਪਿਛਲੇ 15 ਦਿਨਾਂ ਵਿੱਚ ਟਮਾਟਰ ਦੇ ਭਾਅ ਦੁੱਗਣੇ ਹੋ ਗਏ ਹਨ। ਟਮਾਟਰ ਦਾ ਭਾਅ 40 ਰੁਪਏ ਤੋਂ 80 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇਹ ਕੀਮਤਾਂ ਪ੍ਰਚੂਨ ਬਾਜ਼ਾਰ ਲਈ ਦਿਖਾਈ ਦੇ ਰਹੀਆਂ ਹਨ। ਇਸ ਸਮੇਂ ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਟਮਾਟਰ ਦੀ ਆਮਦ ਘੱਟ ਗਈ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਬੇਮੌਸਮੀ ਬਰਸਾਤ ਹੈ, ਜਿਸ ਕਾਰਨ ਟਮਾਟਰ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ।
ਅਦਰਕ ਦੀਆਂ ਕੀਮਤਾਂ ਵਿੱਚ ਵਾਧਾ
ਦੂਜੇ ਪਾਸੇ ਅਦਰਕ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਪਹਿਲਾਂ ਜੋ ਅਦਰਕ 30 ਰੁਪਏ ਪ੍ਰਤੀ 100 ਗ੍ਰਾਮ ਮਿਲਦਾ ਸੀ, ਉਹ ਹੁਣ 50-80 ਰੁਪਏ ਪ੍ਰਤੀ 100 ਗ੍ਰਾਮ ਤੱਕ ਪਹੁੰਚ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਸਾਲ ਕਿਸਾਨਾਂ ਨੇ ਅਦਰਕ ਦੀ ਫ਼ਸਲ ਨੂੰ ਘਾਟੇ 'ਚ ਵੇਚਿਆ ਸੀ ਅਤੇ ਇਸ ਸਾਲ ਇਸ ਨੂੰ ਸੰਭਾਲਦੇ ਹੋਏ ਸਬਜ਼ੀ ਮੰਡੀਆਂ 'ਚ ਘੱਟ ਗਿਣਤੀ 'ਚ ਅਦਰਕ ਦੀ ਸਪਲਾਈ ਕਰ ਰਹੇ ਹਨ। ਹੁਣ ਜਦੋਂ ਬਾਜ਼ਾਰ ਵਿੱਚ ਅਦਰਕ ਦੀ ਕੀਮਤ ਵੱਧ ਗਈ ਹੈ ਤਾਂ ਉਹ ਇਸ ਨੂੰ ਮੰਡੀ ਵਿੱਚ ਮਹਿੰਗੇ ਭਾਅ ’ਤੇ ਵੇਚਣ ਲਈ ਉਤਾਰ ਰਹੇ ਹਨ।
ਇਹ ਵੀ ਪੜ੍ਹੋ : ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ
ਜ਼ਿਕਰਯੋਗ ਹੈ ਕਿ ਦੇਸ਼ 'ਚ ਅਦਰਕ ਦਾ ਸਾਲਾਨਾ ਉਤਪਾਦਨ 2.12 ਲੱਖ ਮੀਟ੍ਰਿਕ ਟਨ ਹੈ ਅਤੇ ਪਿਛਲੇ ਸਾਲ ਇਸ ਦੀਆਂ ਕੀਮਤਾਂ ਬਹੁਤ ਘੱਟ ਸਨ, ਜਿਸ ਕਾਰਨ ਅਦਰਕ ਦੇ ਕਿਸਾਨਾਂ ਨੂੰ ਘਾਟੇ 'ਚ ਆਪਣੀ ਉਪਜ ਵੇਚਣੀ ਪਈ ਸੀ। ਇਸ ਸਾਲ ਕਿਸਾਨ ਵੱਧ ਭਾਅ 'ਤੇ ਅਦਰਕ ਵੇਚ ਕੇ ਆਪਣਾ ਘਾਟਾ ਪੂਰਾ ਕਰਨਾ ਚਾਹੁੰਦੇ ਹਨ, ਜਿਸ ਦਾ ਅਸਰ ਅਦਰਕ ਦੀਆਂ ਕੀਮਤਾਂ 'ਚ ਵਾਧੇ ਦੇ ਰੂਪ 'ਚ ਸਾਹਮਣੇ ਆ ਰਿਹਾ ਹੈ।