Tiktok ਦੇ 2,000 ਕਾਮਿਆਂ ਨੂੰ ਸਤਾ ਰਿਹੈ ਨੌਕਰੀ ਜਾਣ ਦਾ ਡਰ

07/02/2020 3:55:56 PM

ਨਵੀਂ ਦਿੱਲੀ — ਭਾਰਤ ਸਰਕਾਰ ਨੇ ਬੀਤੇ ਦਿਨੀਂ ਚੀਨੀ ਐਪਸ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਦੇ ਹੋਏ 59 ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਅਗਲੇ ਹੀ ਦਿਨ ਇਨ੍ਹਾਂ ਐਪ ਨੂੰ ਪਲੇ ਸਟੋਰ ਅਤੇ ਐਪਲ ਸਟੋਰ ਤੋਂ ਹਟਾ ਦਿੱਤਾ ਗਿਆ। ਸਰਕਾਰ ਵਲੋਂ ਲਗਾਈ ਗਈ ਇਸ ਪਾਬੰਦੀ ਤੋਂ ਬਾਅਦ ਭਾਰਤ ਤੋਂ ਟਿਕਟਾਕ ਅਤੇ ਹੈਲੋ ਐਪ ਉਪਭੋਗਤਾ ਬਹੁਤ ਪਰੇਸ਼ਾਨ ਨਜ਼ਰ ਆਏ ਹਨ। ਇਨ੍ਹਾਂ ਐਪਸ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੱਖਰੇ-ਵੱਖਰੇ ਢੰਗ ਨਾਲ ਵਿਦਾਈ ਵੀ ਦਿੱਤੀ ਅਤੇ ਦਰਦ ਵੀ ਜ਼ਾਹਰ ਕੀਤਾ। ਪਰ ਇਸ ਸਭ ਦੇ ਵਿਚਕਾਰ ਇਨ੍ਹਾਂ ਚੀਨੀ ਕੰਪਨੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਸਭ ਤੋਂ ਜ਼ਿਆਦਾ ਚਿੰਤਤ ਹਨ।

ਭਾਰਤ ਸਰਕਾਰ ਵਲੋਂ ਚੀਨ ਦੇ 59 ਐਪਸ 'ਤੇ ਪਾਬੰਦੀ ਲਗਾਏ ਜਾਣ ਦੇ ਬਾਅਦ ਟਿਕਟਾਕ ਦੇ ਸੀ.ਈ.ਓ. ਨੇ ਭਾਰਤ ਵਿਚ ਕਾਮਿਆਂ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਪਲੇਟਫਾਰਮ ਨੂੰ ਦੇਸ਼ 'ਚ ਇਕ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹਿੱਤਧਾਰਕਾਂ ਦੇ ਨਾਲ ਮਿਲ ਕੇ ਇਸ ਮੁਸ਼ਕਲ ਨਾਲ ਨਜਿੱਠਣ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ, 'ਜਿਹੜੇ 59 ਐਪਸ 'ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ 'ਚ ਟਿਕਟਾਕ ਵੀ ਸ਼ਾਮਲ ਹੈ।'

ਚੀਨ ਦੇ ਬਾਹਰ ਭਾਰਤ ਵਿਚ ਸਭ ਤੋਂ ਵੱਡਾ ਬਾਜ਼ਾਰ

ਬਾਈਟਡਾਂਸ, ਟਿਕਟਾਕ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਹੈਲੋ(Helo) ਦਾ ਮਾਲਕ ਹੈ। ਜਿਸ ਨੂੰ ਚੀਨ ਦੇ ਬਾਹਰ ਆਪਣੇ ਸਭ ਤੋਂ ਵੱਡੇ ਬਾਜ਼ਾਰ ਦੇ ਰੂਪ ਵਿਚ ਗਿਣਿਆ ਜਾਂਦਾ ਹੈ। ਭਾਰਤ ਵਿਚ ਟਿਕਟਾਕ ਦੇ 200 ਮਿਲਿਅਨ ਯੂਜ਼ਰਜ਼ ਹਨ। ਭਾਰਤੀ ਕਾਨੂੰਨ ਦੇ ਤਹਿਤ ਡਾਟਾ ਦੀ ਗੁਪਤਤਾ ਅਤੇ ਸੁਰੱਖਿਆ ਜ਼ਰੂਰਤਾਂ ਦੀ ਪਾਲਣਾ ਕਰਨ ਲਈ ਟਿਕਟਾਕ ਹਮੇਸ਼ਾ ਵਚਨਬੱਧ ਹੈ ਅਤੇ ਰਹੇਗਾ। ਕਿਸੇ ਵੀ ਭਾਰਤੀ ਟਿਕਟਾਕ ਯੂਜ਼ਰ ਦੀ ਕੋਈ ਵੀ ਜਾਣਕਾਰੀ ਵਿਦੇਸ਼ੀ ਸਰਕਾਰ ਅਤੇ ਚੀਨੀ ਸਰਕਾਰ ਨੂੰ ਨਹੀਂ ਦਿੱਤੀ ਗਈ ਹੈ। ਸਾਨੂੰ ਸਪੱਸ਼ਟੀਕਰਣ ਅਤੇ ਜਵਾਬ ਦੇਣ ਲਈ ਸੰਬੰਧਿਤ ਸਰਕਾਰੀ ਹਿੱਤਧਾਰਕਾਂ ਨਾਲ ਮਿਲਣ ਲਈ ਸੱਦਾ ਦਿੱਤਾ ਗਿਆ ਹੈ।

ਕਾਮਿਆਂ ਨੂੰ ਦਿੱਤਾ ਭਰੋਸਾ

ਉਨ੍ਹਾਂ ਨੇ ਕਿਹਾ ਕਿ ਇਹ ਔਖਾ ਸਮਾਂ ਹੈ ਪਰ ਕੰਪਨੀ ਆਪਣੇ ਟਿਕਟਾਕ ਕ੍ਰਿਏਟਰ ਕਮਿਊਨਿਟੀ ਦੇ ਵੈਲਫੇਅਰ ਲਈ ਵਚਨਬੱਧ ਹੈ, ਜਦੋਂ ਤੱਕ ਕਿ ਆਖਰੀ ਆਦੇਸ਼ ਲਾਗੂ ਨਹੀਂ ਹੋ ਜਾਂਦਾ। ਮੇਅਰ ਨੇ ਕਿਹਾ ਕਿ ਟਿਕਟਾਕ ਨੇ ਦੇਸ਼ ਭਰ ਦੇ ਕਲਾਕਾਰ, ਕਹਾਣੀਕਾਰ ਅਤੇ ਐਜੁਕੇਟਰ ਨੂੰ ਆਨੰਦ ਲੈਣ ਲਈ ਲੱਖਾਂ ਕਰੋੜਾਂ ਯੂਜ਼ਰਜ਼ ਨੂੰ ਸਮਰੱਥ ਕੀਤਾ ਹੈ। ਇਥੋਂ ਤੱਕ ਕਿ ਲੱਖਾਂ ਲੋਕਾਂ ਲਈ ਕਮਾਈ ਦਾ ਸਾਧਨ ਵੀ ਬਣਿਆ। 

Tiktok ਦੇ ਸੀਈਓ ਨੇ ਕਿਹਾ, 'ਸਾਡੇ ਕਾਮੇ ਸਾਡੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਪਹਿਲ ਹੈ। ਅਸੀਂ 2,000 ਤੋਂ ਵਧ ਕਾਮਿਆਂ ਨੂੰ ਭਰੋਗਾ ਦਿੱਤਾ ਹੈ ਕਿ ਸਕਾਰਾਤਮਕ ਤਜਰਬਾ ਅਤੇ ਮੌਕਿਆਂ ਨੂੰ ਬਹਾਲ ਕਰਨ ਲਈ ਆਪਣੇ ਵਲੋਂ ਸਭ ਕੁਝ ਕਰਾਂਗੇ, ਜਿਸ 'ਤੇ ਸਾਨੂੰ ਮਾਣ ਹੋ ਸਕਦਾ ਹੈ।'

ਕੇਵਿਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕਰਮਚਾਰੀ ਦੀ ਨੌਕਰੀ ਨਹੀਂ ਜਾਵੇਗੀ ਅਤੇ ਨਾ ਹੀ ਉਨ੍ਹਾਂ ਦੀ ਤਨਖਾਹ ਵਿਚ ਕੋਈ ਕਟੌਤੀ ਕੀਤੀ ਜਾਵੇਗੀ। ਇਸ ਲਈ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਵਿਚ ਵਧੇਰੇ ਨਿਵੇਸ਼ ਕਰਾਂਗੇ।

ਭਾਰਤ 'ਚ ਬਾਈਟਡਾਂਸ ਦੇ 2,000 ਤੋਂ ਜ਼ਿਆਦਾ ਕਾਮੇ

ਦੁਨੀਆਭਰ 'ਚ ਮਸ਼ਹੂਰ ਟਿਕਟਾਕ ਅਤੇ ਹੈਲੋ ਐਪ ਦੀ ਪੇਰੈਂਟ ਕੰਪਨੀ ਹੈ ਬਾਈਟਡਾਂਸ। ਟਿਕਟਾਕ ਅਤੇ ਹੈਲੋ ਐਪ ਦੇ ਗੁਰੂਗ੍ਰਾਮ ਮੁੱਖ ਦਫ਼ਤਰ 'ਚ ਇਸ ਸਮੇਂ 2,000 ਤੋਂ ਵਧ ਕਾਮੇ ਕੰਮ ਕਰ ਰਹੇ ਹਨ। ਕੋਰੋਨਾ ਕਾਰਨ 95 ਫ਼ੀਸਦੀ ਕਾਮਿਆਂ ਨੂੰ ਜੁਲਾਈ ਦੇ ਆਖਿਰ ਤੱਕ ਵਰਕ ਫਰਾਮ ਹੋਮ ਮਿਲਿਆ ਹੋਇਆ ਹੈ। ਬਾਈਟਡਾਂਸ ਦੇ ਭਾਰਤ ਵਿਚ ਕਰੀਬ 7 ਦਫਤਰ ਹਨ। ਗੁਰੂਗ੍ਰਾਮ ਤੋਂ ਇਲਾਵਾ ਮੁੰਬਈ, ਅਹਿਮਦਾਬਾਦ, ਹੈਦਰਾਬਾਦ, ਬੰਗਲੁਰੂ ਅਤੇ ਚੇਨਈ 'ਚ ਵੀ ਦਫਤਰ ਹੈ।                                              


 


Harinder Kaur

Content Editor

Related News