ਇਸ ਵਾਰ 59 ਫ਼ੀਸਦੀ ਜ਼ਿਆਦਾ ਹੋਈ ਕਣਕ ਦੀ ਬਿਜਾਈ, ਸਰ੍ਹੋਂ ਅਤੇ ਛੋਲਿਆਂ ਦਾ ਵੀ ਵਧਿਆ ਰਕਬਾ
Saturday, Oct 29, 2022 - 03:25 PM (IST)

ਬਿਜ਼ਨੈੱਸ ਡੈਸਕ- ਫਸਲ ਸਾਲ 2022-23 ਦੇ ਮੌਜੂਦਾ ਹਾੜੀ ਸੀਜ਼ਨ 'ਚ ਹੁਣ ਤੱਕ 54,000 ਹੈਕਟੇਅਰ ਰਕਬੇ 'ਚ ਕਣਕ ਬਿਜੀ ਗਈ ਹੈ। ਇਹ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ਦੇ 34,000 ਹੈਕਟੇਅਰ ਦੇ ਰਕਬੇ ਨਾਲੋਂ 59 ਫ਼ੀਸਦੀ ਜ਼ਿਆਦਾ ਹੈ। ਹਾੜੀ ਦੇ ਸੀਜ਼ਨ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਅਕਤੂਬਰ ਵਿੱਚ ਸ਼ੁਰੂ ਹੁੰਦੀ ਹੈ ਅਤੇ ਮਾਰਚ-ਅਪ੍ਰੈਲ ਵਿੱਚ ਇਸ ਦੀ ਕਟਾਈ ਹੁੰਦੀ ਹੈ। ਇਸ ਤੋਂ ਇਲਾਵਾ ਛੋਲੇ ਅਤੇ ਸਰ੍ਹੋਂ ਹਾੜੀ ਦੇ ਸੀਜ਼ਨ (ਜੁਲਾਈ-ਜੂਨ) ਦੌਰਾਨ ਉਗਾਈਆਂ ਜਾਣ ਵਾਲੀਆਂ ਹੋਰ ਪ੍ਰਮੁੱਖ ਫ਼ਸਲਾਂ ਹਨ। ਬਿਜਾਈ ਦੇ ਤਾਜ਼ਾ ਅੰਕੜਿਆਂ ਅਨੁਸਾਰ ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਕਣਕ ਦੀ ਬਿਜਾਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਹਾੜੀ ਸੀਜ਼ਨ ਵਿੱਚ 28 ਅਕਤੂਬਰ ਤੱਕ ਸਾਰੀਆਂ ਹਾੜ੍ਹੀ ਦੀਆਂ ਫ਼ਸਲਾਂ ਦਾ ਕੁੱਲ ਰਕਬਾ 37.75 ਲੱਖ ਹੈਕਟੇਅਰ ਰਿਹਾ, ਜੋ ਇੱਕ ਸਾਲ ਪਹਿਲਾਂ ਦੀ ਸਮਾਨ ਮਿਆਦ ਵਿੱਚ 27.24 ਲੱਖ ਹੈਕਟੇਅਰ ਤੋਂ ਜ਼ਿਆਦਾ ਹੈ। ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਤੋਂ ਬਾਅਦ ਜ਼ਮੀਨ ਸਾਫ਼ ਹੋਣ ਤੋਂ ਬਾਅਦ ਆਉਣ ਵਾਲੇ ਹਫ਼ਤਿਆਂ ਵਿੱਚ ਬਿਜਾਈ 'ਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ।
ਦਾਲਾਂ ਦੇ ਰਕਬੇ 'ਚ ਵਾਧਾ
ਅੰਕੜੇ ਤੋਂ ਪਤਾ ਚੱਲਦਾ ਹੈ ਕਿ 28 ਅਕਤੂਬਰ ਤੱਕ ਉੱਤਰ ਪ੍ਰਦੇਸ਼ ਵਿੱਚ ਕਰੀਬ 39,000 ਹੈਕਟੇਅਰ, ਉੱਤਰਾਖੰਡ ਵਿੱਚ 9,000 ਹੈਕਟੇਅਰ, ਰਾਜਸਥਾਨ ਵਿੱਚ 2,000 ਹੈਕਟੇਅਰ ਅਤੇ ਜੰਮੂ-ਕਸ਼ਮੀਰ ਵਿੱਚ 1,000 ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ। ਦਾਲਾਂ ਦੀ ਬਿਜਾਈ ਦਾ ਰਕਬਾ ਇਸ ਹਾੜੀ ਸੀਜ਼ਨ 'ਚ ਹੁਣ ਤੱਕ 8.82 ਲੱਖ ਹੈਕਟੇਅਰ ਹੋ ਗਿਆ ਹੈ। ਇਹ ਇਕ ਸਾਲ ਪਹਿਲੇ ਸਮਾਨ ਮਿਆਦ 'ਚ ਇਹ 5.91 ਲੱਖ ਹੈਕਟੇਅਰ ਸੀ। ਦਾਲਾਂ ਵਿੱਚ ਛੋਲਿਆਂ ਦੀ ਬਿਜਾਈ ਇਕ ਸਾਲ ਪਹਿਲਾਂ ਦੇ 5.91 ਲੱਖ ਹੈਕਟੇਅਰ ਦੇ ਮੁਕਾਬਲੇ 6.96 ਲੱਖ ਹੈਕਟੇਅਰ ਵਿੱਚ ਕੀਤੀ ਗਈ ਹੈ।
ਸਰ੍ਹੋਂ ਦਾ ਰਕਬਾ ਵੀ ਵਧਿਆ
ਤੇਲ ਵਾਲੇ ਬੀਜਾਂ ਦੀ ਗੱਲ ਕਰੀਏ ਤਾਂ ਲਗਭਗ 19.69 ਲੱਖ ਹੈਕਟੇਅਰ ਰਕਬੇ ਵਿੱਚ ਛੇ ਕਿਸਮਾਂ ਦੇ ਤੇਲ ਬੀਜਾਂ ਦੀ ਬਿਜਾਈ ਹੋਈ ਹੈ। ਇਹ ਰਕਬਾ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 15.13 ਲੱਖ ਹੈਕਟੇਅਰ ਤੋਂ ਵੱਧ ਹੈ। ਇਸ ਵਿੱਚੋਂ ਜ਼ਿਆਦਾਤਰ ਰਕਬੇ ਵਿੱਚ ਰੇਪਸੀਡ ਅਤੇ ਸਰ੍ਹੋਂ ਦੀ 18.99 ਲੱਖ ਹੈਕਟੇਅਰ ਵਿੱਚ ਬਿਜਾਈ ਕੀਤੀ ਗਈ ਹੈ। ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਰਕਬਾ ਸਿਰਫ਼ 14.21 ਲੱਖ ਹੈਕਟੇਅਰ ਸੀ।
ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਹਿਲਾਂ ਦੇ 2.31 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਵਾਰ ਹਾੜੀ ਦੇ ਸੀਜ਼ਨ ਦੌਰਾਨ 4.68 ਲੱਖ ਹੈਕਟੇਅਰ ਵਿੱਚ ਮੋਟੇ ਅਨਾਜਾਂ ਦੀ ਬਿਜਾਈ ਹੋਈ ਹੈ। ਇਹ ਇੱਕ ਸਾਲ ਪਹਿਲਾਂ 2.31 ਲੱਖ ਦੇ ਹੈਕਟੇਅਰ ਵਿੱਚ ਬੀਜੀ ਗਈ ਸੀ। ਝੋਨੇ ਦੀ ਬਿਜਾਈ ਪਹਿਲਾਂ 3.54 ਲੱਖ ਹੈਕਟੇਅਰ ਦੇ ਮੁਕਾਬਲੇ 4.02 ਲੱਖ ਹੈਕਟੇਅਰ 'ਚ ਹੋਈ ਹੈ।