ਅਡਾਨੀ ਮਾਮਲੇ ’ਚ ਗੜਬੜੀ ’ਚ ਸੇਕੀ ਦਾ ਕਿਤੇ ਜ਼ਿਕਰ ਨਹੀਂ : RP Gupta
Friday, Nov 22, 2024 - 05:44 AM (IST)
ਨਵੀਂ ਦਿੱਲੀ - ਜਨਤਕ ਖੇਤਰ ਦੀ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ (ਸੇਕੀ) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਆਰ. ਪੀ. ਗੁਪਤਾ ਨੇ ਕਿਹਾ ਕਿ ਅਡਾਨੀ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ’ਚ ਸੇਕੀ ਦਾ ਜ਼ਿਕਰ ਨਹੀਂ ਹੈ। ਅਮਰੀਕੀ ਵਕੀਲਾਂ ਨੇ ਉਦਯੋਗਪਤੀ ਗੌਤਮ ਅਡਾਣੀ ’ਤੇ ਭਾਰਤ ’ਚ ਸੌਰ ਬਿਜਲੀ ਸਮਝੌਤਾ ਹਾਸਲ ਕਰਨ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ ਕਥਿਤ ਰੂਪ ਨਾਲ 26.5 ਕਰੋੜ ਡਾਲਰ (ਲੱਗਭਗ 2,200 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦੇ ਮਾਮਲੇ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਗੁਪਤਾ ਅਡਾਨੀ ਨਾਲ ਜੁੜੇ ਘਟਨਾਕ੍ਰਮ ’ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਭਵਿੱਖ ਦੀ ਕਾਰਵਾਈ ਦੀ ਆਪਣੀ ਯੋਜਨਾ ’ਤੇ ਗੁਪਤਾ ਨੇ ਕਿਹਾ,‘‘ਸਾਡੇ ਖਿਲਾਫ ਕੋਈ ਦੋਸ਼ ਨਹੀਂ ਹੈ। ਇਹ ਸਿਰਫ ਸੂਬਾ ਸਰਕਾਰਾਂ ਖਿਲਾਫ ਹੈ, ਇਸ ਲਈ ਜਿਨ੍ਹਾਂ ਖਿਲਾਫ ਦੋਸ਼ ਹਨ, ਉਨ੍ਹਾਂ ਨੂੰ ਹੀ ਕਾਰਵਾਈ ਦੇ ਬਾਰੇ ’ਚ ਫੈਸਲਾ ਕਰਨਾ ਹੈ। ਗੁਪਤਾ ਗੁਜਰਾਤ ਕੈਡਰ ਦੇ 1987 ਬੈਚ ਦੇ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਹਨ। ਉਹ 15 ਜੂਨ, 2023 ਨੂੰ ਸੇਕੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਬਣੇ ਸਨ। ਸੇਕੀ ’ਚ ਸ਼ਾਮਲ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਵਾਤਾਵਰਣ, ਵਣ ਅਤੇ ਜਲਵਾਯੂ ਤਬਦੀਲੀ ਮੰਤਰਾਲਾ ’ਚ ਸਕੱਤਰ ਦੇ ਰੂਪ ’ਚ ਕੰਮ ਕੀਤਾ।