Mutual Fund ਦੇ ਪੈਸੇ ਕਢਵਾਉਣ ਦੀ ਪ੍ਰਕਿਰਿਆ ਹੈ ਅਸਾਨ, ਨਹੀਂ ਲਗਦਾ ਜ਼ਿਆਦਾ ਸਮਾਂ

05/16/2019 1:43:14 PM

ਨਵੀਂ ਦਿੱਲੀ — ਲੋਕਾਂ ਵਿਚ ਜਾਗਰੂਕਤਾ ਵਧਣ ਨਾਲ ਹੁਣ ਮਿਊਚੁਅਲ ਫੰਡਾਂ ਦੇ ਪ੍ਰਤੀ ਉਨ੍ਹਾਂ ਦਾ ਰੁਝਾਣ ਵਧਿਆ ਹੈ। ਨਿਵੇਸ਼ ਦੇ ਰਵਾਇਤੀ ਤਰੀਕੇ ਜਿਵੇਂ ਰਿਕਰਿੰਗ ਡਿਪਾਜ਼ਿਟ , ਫਿਕਸਡ ਡਿਪਾਜ਼ਿਟ ਆਦਿ ਦੀ ਥਾਂ ਹੁਣ ਨਿਵੇਸਕ ਲੰਮੇ ਸਮੇਂ ਲਈ ਇਕੁਇਟੀ ਮਿਊਚੁਅਲ ਫੰਡਾਂ ਵਿਚ ਨਿਵੇਸ਼ ਕਰਨ ਲੱਗੇ ਹਨ। ਹਾਲਾਂਕਿ ਕੁਝ ਲੋਕ ਅਜੇ ਵੀ ਇਹ ਹੀ ਸੋਚਦੇ ਹਨ ਕਿ ਪੈਸੇ ਤਾਂ ਮਿਊਚੁਅਲ ਫੰਡ ਵਿਚ ਲਗਾ ਦਿੱਤੇ ਪਰ ਇਨ੍ਹਾਂ ਨੂੰ ਕੱਢਣ ਦਾ ਸਹੀ ਸਮਾਂ ਅਤੇ ਤਰੀਕਾ ਕੀ ਹੈ? ਇਸ ਲਈ ਕੁੱਲ ਕਿੰਨਾ ਸਮਾਂ ਲੱਗੇਗਾ? ਇਸ ਦੀ ਪ੍ਰਕਿਰਿਆ ਕੀ ਹੈ? 

ਜੇਕਰ ਤੁਸੀਂ ਵੀ ਮਿਊਚੁਅਲ ਫੰਡਾਂ ਦੇ ਜ਼ਿਆਦਾ ਮੁਨਾਫੇ ਦਾ ਲਾਭ ਸਿਰਫ ਇਸ ਕਾਰਨ ਨਹੀਂ ਲੈ ਪਾ ਰਹੇ ਕਿ ਇਸ ਲਈ ਪੈਸੇ ਕਢਵਾਉਣ 'ਚ ਪਰੇਸ਼ਾਨੀ ਆਵੇਗੀ ਤਾਂ ਅਸੀਂ ਤੁਹਾਡੀ ਮੁਸ਼ਕਲ ਅਸਾਨ ਬਣਾ ਦਿੰਦੇ ਹਾਂ। ਮਿਊਚੁਅਲ ਫੰਡਾਂ ਵਿਚੋਂ ਪੈਸੇ ਕਢਵਾਉਣਾ ਕਾਫੀ ਆਸਾਨ ਹੈ।

ਕੀ ਹੈ ਮਿਊਚੁਅਲ ਫੰਡ ਯੂਨਿਟਸ ਨੂੰ ਰਿਡੀਮ ਕਰਨ ਦੀ ਪ੍ਰਕਿਰਿਆ?

ਜੇਕਰ ਤੁਸੀਂ ਆਪਣੇ ਮਿਊਚੁਅਲ ਫੰਡਾਂ 'ਚ ਨਿਵੇਸ਼ ਕੀਤਾ ਹੈ ਅਤੇ ਆਪਣੇ ਪੈਸੇ ਕਢਵਾਉਣਾ ਚਾਹੁੰਦੇ ਹੋ ਤਾਂ ਇਸ ਦੀ ਸ਼ੁਰੂਆਤ ਕਿਸੇ ਵੀ ਕਾਰੋਬਾਰੀ ਦਿਨ ਤੋਂ ਕਰ ਸਕਦੇ ਹੋ। ਜੇਕਰ ਤੁਸੀਂ ਏਜੰਟ ਦੀ ਸਹਾਇਤਾ ਨਾ ਲੈਂਦੇ ਹੋਏ ਖੁਦ ਇਹ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਊਚੁਅਲ ਫੰਡ ਕੰਪਨੀ ਦੀ ਵੈਬਸਾਈਟ ਤੋਂ ਟਰਾਂਜੈਕਸ਼ਨ ਸਲਿੱਪ ਡਾਊਨਲੋਡ ਕਰਨੀ ਹੋਵੇਗੀ। ਇਸ ਸਲਿੱਪ ਨੂੰ ਭਰ ਕੇ ਇਸ ਰਿਡੇਮਪਸ਼ਨ ਐਪਲੀਕੇਸ਼ਨ ਨੂੰ ਸੰਬੰਧਿਤ ਮਿਊਚੁਅਲ ਫੰਡ ਕੰਪਨੀ ਦੇ ਕਿਸੇ ਵੀ ਦਫਤਰ ਵਿਚ ਜਮ੍ਹਾ ਕਰਵਾ ਸਕਦੇ ਹੋ।

ਆਨ ਲਾਈਨ ਵੀ ਕਢਵਾ ਸਕਦੇ ਹੋ ਮਿਊਚੁਅਲ ਫੰਡਾਂ ਦਾ ਪੈਸਾ

ਜੇਕਰ ਤੁਸੀਂ ਟੇਕ ਸੈਵੀ ਹੋ ਤਾਂ ਆਨਲਾਈਨ ਵੀ ਮਿਊਚੁਅਲ ਫੰਡ ਦੇ ਪੈਸੇ ਕਢਵਾ ਸਕਦੇ ਹੋ। ਜ਼ਿਆਦਾਤਰ ਮਿਊਚੁਅਲ ਫੰਡ ਕੰਪਨੀਆਂ ਆਪਣੀ ਵੈਬਸਾਈਟ ਦੇ ਜ਼ਰੀਏ ਆਨਲਾਈਨ ਰਿਡੇਮਪਸ਼ਨ ਦੀ ਸਹੂਲਤ ਦਿੰਦੀਆਂ ਹਨ। ਜੇਕਰ ਤੁਸੀਂ ਆਨਲਾਈਨ ਨਿਵੇਸ਼ ਕੀਤਾ ਹੈ ਤਾਂ ਇਹ ਪ੍ਰਕਿਰਿਆ ਹੋਰ ਆਸਾਨ ਹੋ ਜਾਂਦੀ ਹੈ। 

ਬੈਂਕ ਖਾਤੇ ਵਿਚ ਪੈਸੇ ਆਉਣ 'ਚ ਲੱਗੇਗਾ 4 ਦਿਨ ਤੱਕ ਦਾ ਸਮਾਂ

ਜੇਕਰ ਤੁਸੀਂ ਆਪਣੇ ਲਿਕੁਅਡ ਜਾਂ ਡੇਟ ਓਰੀਐਂਟਿਡ ਮਿਊਚੁਅਲ ਫੰਡਾਂ ਵਿਚ ਨਿਵੇਸ਼ ਕੀਤਾ ਹੈ ਤਾਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਦੋ ਦਿਨਾਂ ਵਿਚ ਪੈਸੇ ਮਿਲ ਜਾਣਗੇ। ਡੇਟ ਮਿਊਚੁਅਲ ਫੰਡਾਂ ਦੇ ਯੂਨਿਟ ਕੈਸ਼ ਕਰਵਾਉਣ 'ਤੇ ਜ਼ਿਆਦਾਤਰ ਮਾਮਲਿਆਂ ਵਿਚ ਉਸੇ ਦਿਨ ਖਾਤੇ ਵਿਚ ਪੈਸੇ ਆ ਜਾਂਦੇ ਹਨ। ਇਕੁਇਟੀ ਫੰਡਾਂ ਦਾ ਪੈਸਾ 4-5 ਦਿਨਾਂ ਵਿਚ ਨਿਵੇਸ਼ਕਾਂ ਦੇ ਖਾਤੇ ਵਿਚ ਆ ਜਾਂਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣੇ ਇਕੁਇਟੀ ਫੰਡਾਂ ਵਿਚ ਨਿਵੇਸ਼ ਕੀਤਾ ਹੋਇਆ ਹੈ ਅਤੇ ਯੂਨਿਟ ਖਰੀਦਣ ਦੇ 365 ਦਿਨਾਂ ਦੇ ਅੰਦਰ ਉਸਨੂੰ ਕਢਵਾ ਰਹੇ ਹੋ ਤਾਂ ਤੁਹਾਨੂੰ 1% ਤੱਕ ਦਾ ਐਗਜ਼ਿਟ ਲੋਡ ਦੇਣਾ ਪੈ ਸਕਦਾ ਹੈ। ਲਿਕੁਅਡ ਫੰਡ, ਅਲਟ੍ਰਾ ਸ਼ਾਰਟ ਟਰਮ ਫੰਡਸ ਆਦਿ 'ਤੇ ਕੋਈ ਐਗਜ਼ਿਟ ਲੋਡ ਨਹੀਂ ਲੱਗਦਾ ਹੈ।

ਤੁਹਾਡੇ ਕੋਲ ਇਸ ਤਰ੍ਹਾਂ ਆਉਂਦੇ ਹਨ ਮਿਊਚੁਅਲ ਫੰਡ ਦੇ ਪੈਸੇ

ਮਿਊਚੁਅਲ ਫੰਡ ਦਾ ਯੂਨਿਟ ਕਢਵਾਉਣ(ਰੀਡੀਮ) ਤੋਂ ਪ੍ਰਾਪਤ ਹੋਣ ਵਾਲੇ ਪੈਸੇ ਸਿੱਧੇ ਤੁਹਾਡੇ ਬੈਂਕ ਖਾਤੇ ਵਿਚ ਆਉਂਦੇ ਹਨ, ਜੇਕਰ ਤੁਸੀਂ ਨਿਵੇਸ਼ ਦੇ ਸਮੇਂ ਬੈਂਕ ਦੀ ਸਾਰੀ ਜਾਣਕਾਰੀ ਦੇ ਦਿੰਦੇ ਹੋ । ਜੇਕਰ ਮਿਊਚੁਅਲ ਫੰਡ ਕੰਪਨੀ ਕੋਲ ਤੁਹਾਡੀ ਬੈਂਕ ਦੀ ਪੂਰੀ ਡਿਟੇਲ ਨਹੀਂ ਹੈ ਤਾਂ ਫਿਰ ਤੁਹਾਨੂੰ ਚੈੱਕ ਜ਼ਰੀਏ ਪੈਸੇ ਭੇਜ ਦਿੱਤੇ ਜਾਣਗੇ।


Related News