ਮਹਿੰਗੀ ਹੋਣ ਵਾਲੀ ਹੈ ਗਰੀਬ ਦੀ ਥਾਲੀ, 100 ਰੁ: ਕਿਲੋ ਦੇ ਪਾਰ ਹੋਵੇਗੀ ਦਾਲ!

05/16/2019 3:43:34 PM

ਨਵੀਂ ਦਿੱਲੀ—  ਜਲਦ ਹੀ ਗਰੀਬ ਦੀ ਥਾਲੀ ਮਹਿੰਗੀ ਹੋ ਸਕਦੀ ਹੈ। ਇਸ ਦਾ ਕਾਰਨ ਹੈ ਦਾਲਾਂ ਦਾ ਉਤਪਾਦਨ ਘੱਟ ਹੋਣ ਨਾਲ ਕੀਮਤਾਂ 'ਚ ਤੇਜ਼ੀ ਚੱਲ ਰਹੀ ਹੈ। ਰਿਪੋਰਟਾਂ 'ਚ ਅਰਹਰ ਦਾਲ ਦੇ ਉਤਪਾਦਨ 'ਚ ਪਿਛਲੇ ਸਾਲ ਦੇ ਮੁਕਾਬਲੇ 30-35 ਫੀਸਦੀ ਕਮੀ ਦੱਸੀ ਜਾ ਰਹੀ ਹੈ।

 

 

ਉੱਥੇ ਹੀ,  ਮਾਂਹ ਦੀ ਦਾਲ ਦਾ ਉਤਪਾਦਨ ਪਿਛਲੇ ਸਾਲ ਦੀ ਤੁਲਨਾ 'ਚ 15-20 ਫੀਸਦੀ ਘੱਟ ਹੈ। ਇਨ੍ਹਾਂ ਦਾਲਾਂ ਦੀ ਕੀਮਤ ਚੜ੍ਹਨ ਨਾਲ ਛੋਲਿਆਂ ਦੀ ਦਾਲ ਦੀ ਕੀਮਤ ਵੀ ਉਛਲ ਗਈ ਹੈ। 
ਰਿਪੋਰਟਾਂ ਮੁਤਾਬਕ, ਥੋਕ ਮੰਡੀ 'ਚ ਅਰਹਰ ਦੀ ਕੀਮਤ 5,700-5,800 ਰੁਪਏ ਪ੍ਰਤੀ ਕੁਇੰਟਲ ਚੱਲ ਰਹੀ ਹੈ, ਜਦੋਂ ਚਨਾ ਦਾਲ ਦੀ ਥੋਕ ਕੀਮਤ ਲਗਭਗ 4,500 ਰੁਪਏ ਕੁਇੰਟਲ ਹੋ ਗਈ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਦਾਲਾਂ ਦੇ ਥੋਕ ਕੀਮਤ 'ਚ 800 ਰੁਪਏ ਪ੍ਰਤੀ ਕੁਇੰਟਲ ਤਕ ਦੀ ਤੇਜ਼ੀ ਆਈ ਹੈ। ਥੋਕ 'ਚ 58 ਰੁਪਏ 'ਚ ਮਿਲ ਰਹੀ ਅਰਹਰ ਦਾਲ ਦੀ ਪ੍ਰਚੂਨ ਕੀਮਤ 90 ਰੁਪਏ ਪ੍ਰਤੀ ਕਿਲੋ ਹੋ ਸਕਦੀ ਹੈ। ਬਾਜ਼ਾਰ ਦਾ ਮੰਨਣਾ ਹੈ ਕਿ ਜਿਸ ਹਿਸਾਬ ਨਾਲ ਕੀਮਤਾਂ 'ਚ ਤੇਜ਼ੀ ਚੱਲ ਰਹੀ ਹੈ ਉਸ ਹਿਸਾਬ ਨਾਲ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਹੋ ਸਕਦੀ ਹੈ। ਹਾਲਾਂਕਿ ਦਾਲਾਂ ਦਾ ਮੁੱਲ ਕੰਟਰੋਲ 'ਚ ਰੱਖਣ ਲਈ ਸਰਕਾਰ ਦਾਲ ਮਿੱਲਰਾਂ ਨੂੰ ਇੰਪੋਰਟ ਲਾਇੰਸੈਂਸ ਜਾਰੀ ਕਰਨ ਜਾ ਰਹੀ ਹੈ। ਮਿੱਲਰ 2 ਲੱਖ ਟਨ ਦਾਲ ਦਰਾਮਦ ਕਰ ਸਕਣਗੇ। ਰਿਪੋਰਟਾਂ ਮੁਤਾਬਕ, ਦਾਲਾਂ ਦਾ ਜਿਨ੍ਹਾਂ ਕੋਲ ਵਾਧੂ ਭੰਡਾਰ ਹੈ ਉਹ ਬਾਜ਼ਾਰ 'ਚ ਉਸ ਨੂੰ ਜਾਰੀ ਨਹੀਂ ਕਰ ਰਹੇ ਹਨ। ਇਸ ਕਾਰਨ ਵੀ ਕੀਮਤਾਂ 'ਚ ਤੇਜ਼ੀ ਦਾ ਰੁਖ਼ ਹੈ।


Related News