ਦੇਸ਼ ’ਚ ਆਸਮਾਨ ਛੂਹਣ ਲੱਗੇ ਰੂੰ ਦੇ ਮੁੱਲ, 10,000 ਰੁਪਏ ਮਣ ਦਰਜ ਕੀਤੀ ਗਈ ਕੀਮਤ

05/02/2022 11:46:01 AM

ਜੈਤੋ (ਪਰਾਸ਼ਰ) - ਦੇਸ਼ ’ਚ ਚਾਲੂ ਕਪਾਹ ਸੀਜ਼ਨ ਸਾਲ 2021-22 ਦੌਰਾਨ ਕ‌ਈ ਸੂਬਿਆਂ ਖਾਸ ਤੌਰ ’ਤੇ ਗੁਜਰਾਤ ’ਚ ਇਸ ਵਾਰ ਕਪਾਹ ਦੀ ਫਸਲ ਘੱਟ ਹੋਣ ਦੇ ਕਾਰਨ ਸੀਜ਼ਨ ’ਚ ਕੁਦਰਤੀ ਰੇਸ਼ਿਆਂ ਦੇ ਮੁੱਲ 7ਵੇਂ ਅਾਸਮਾਨ ਛੂਹ ਰਹੇ ਹਨ , ਜਿਸ ਨਾਲ ਬੀਤੇ ਕਈ ਮਹੀਨਿਆਂ ਤੋਂ ਰੂੰ ਦੀਆਂ ਕੀਮਤਾਂ ਤੇਜ਼ੀ ਦੀ ਪੱਟੜੀ ’ਤੇ ਦੌੜ ਰਹੀਆਂ ਹਨ ਤੇ ਬ੍ਰੇਕ ਲੱਗਣ ਦਾ ਨਾਂ ਤੱਕ ਨਹੀਂ ਲੈ ਰਹੀ ਹਨ। ਉੱਤਰੀ ਭਾਰਤ ਦੇ ਸੂਬੇ ਰਾਜਸਥਾਨ ’ਚ ਹਾਜ਼ਰ ਰੂੰ ਗੋਲੂਵਾਲਾ ਤੇ ਪੀਲੀਬੰਗਾ ’ਚ 10,000 ਰੁਪਏ ਪ੍ਰਤੀ ਮਣ ਦੇ ਹਿਸਾਬ ਨਾਲ ਕਾਰੋਬਾਰ ਦਰਜ ਹੋਇਆ ਹੈ, ਜੋ ਚਾਲੂ ਕਪਾਹ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਕੀਮਤ ਹੈ, ਜਿਸ ਨੇ ਇਕ ਰਿਕਾਰਡ ਦਰਜ ਕੀਤਾ ਹੈ।

ਜਦਕਿ ਪੰਜਾਬ ’ਚ ਅਬੋਹਰ ’ਚ ਹਾਜ਼ਰ ਰੂੰ ਇਕ ਨਿੱਜੀ ਕਾਰੋਬਾਰੀ ਨੇ 10,100 ਰੁਪਏ ਪ੍ਰਤੀ ਮਣ ਵਪਾਰ ਕੀਤਾ । ਇਹ ਵੀ ਸਭ ਤੋਂ ਵੱਧ ਕੀਮਤ ਰਹੀ। ਉੱਥੇ ਹੀ ਫਾਜ਼ਿਲਕਾ ’ਚ ਇਕ ਕਤਾਈ ਮਿਲਰ ਨੇ 9925 ਰੁਪਏ ਪ੍ਰਤੀ ਮਣ ਖਰੀਦਦਾਰੀ ਕੀਤੀ। ਚਾਲੂ ਕਪਾਹ ਸੀਜ਼ਨ ਦੇ ਸ਼ੁਰੂਆਤ ਅਕਤੂਬਰ ’ਚ ਹਾਜ਼ਰ ਰੂੰ ਦੇ ਭਾਅ ਪੰਜਾਬ ’ਚ 5900-6000 ਰੁਪਏ ਪ੍ਰਤੀ ਮਣ, ਹਰਿਆਣਾ ’ਚ 5820-5950 ਰੁਪਏ ਤੇ ਰਾਜਸਥਾਨ ’ਚ 5980-6000 ਰੁਪਏ ਮਣ ਸਨ। ਇਹ ਭਾਅ ਹੌਲੀ-ਹੌਲੀ ਵੱਧਦੇ ਗਏ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਟੈਕਸਟਾਈਲ ਉਦਯੋਗ ਤੇ ਕਤਾਈ ਮਿੱਲਾਂ ’ਤੇ ਸਾੜਸਤੀ ਚੜ੍ਹੀ ਹੋਈ ਹੈ ਜਿਸ ਨੇ ਜ਼ਿਆਦਾਤਰ ਮਿਲਰਾਂ ਨੂੰ ਪਸੀਨੇ ਛੁਟਾ ਦਿੱਤੇ ਹਨ। ਬੇਲਗਾਮ ਤੇਜ਼ੀ ਨਾਲ ਟੈਕਸਟਾਈਲ ਉਦਯੋਗ ਤੇ ਕਤਾਈ ਮਿਲਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਟੈਕਸਟਾਇਲ ਉਦਯੋਗ ਤੇ ਕਤਾਈ ਮਿਲਾਂ ਨੇ ਰੂੰ ਦੀ ਤੂਫਾਨੀ ਤੇਜ਼ੀ ਨੂੰ ਨਕੇਲ ਪਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਸੀ ਕਿ ਰੂੰ ਦੀ ਦਰਾਮਦ ਫੀਸ ਖ਼ਤਮ ਕੀਤੀ ਜਾਵੇ। ਸਰਕਾਰ ਨੇ ਕਰੀਬ 15 ਦਿਨ ਪਹਿਲਾਂ ਦਰਾਮਦ ਤੋਂ ਟੈਕਸ ਖ਼ਤਮ ਕਰ ਦਿੱਤਾ ਪਰ ਇਸ ਦੇ ਬਾਵਜੂਦ ਰੂੰ ਬਾਜ਼ਾਰ ਤੇਜ਼ੀ ਦੀ ਪੱਟੜੀ ਤੋਂ ਹੇਠਾਂ ਨਹੀਂ ਉੱਤਰਿਆ ਸਗੋਂ ਰੂੰ ਬਾਜ਼ਾਰ ਨੇ ਹੋਰ ਤੇਜ਼ੀ ਫੜੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਾਲ ਕੁਝ ਸੂਬਿਆਂ ’ਚ ਬੇ-ਮੌਸਮੀ ਮੀਂਹ ਨਾਲ ਤੇ ਵਾਲਵਰਮ ਕੀੜਿਆਂ ਨਾਲ ਕਪਾਹ ਨੂੰ ਵੱਡਾ ਨੁਕਸਾਨ ਹੋਇਆ। ਸ਼ਨੀਵਾਰ ਨੂੰ ਰੂੰ ਬਾਜ਼ਾਰ ’ਚ 20 ਰੁਪਏ ਮਣ ਦੀ ਗਿਰਾਵਟ ਆਈ, ਜਿਸ ਨਾਲ ਹਾਜ਼ਰ ਰੂੰ ਐਲਨਾਬਾਦ ’ਚ 9890 ਰੁਪਏ ਪ੍ਰਤੀ ਮਣ, ਸਿਰਸਾ 9580 ਰੁਪਏ, ਭੱਟੂ ਮੰਡੀ ਤੇ ਆਦਮਪੁਰ ਮੰਡੀ 9450 ਰੁਪਏ ਤੇ ਕਾਲਾਂਵਾਲੀ ਮੰਡੀ 9580 ਰੁਪਏ ਮਣ ਥੋੜ੍ਹਾ ਜਿਹਾ ਹੀ ਕਾਰੋਬਾਰ ਰਿਹਾ, ਕਿਉਂਕਿ ਹੁਣ ਹਾਜ਼ਰ ਰੂੰ ਬਾਜ਼ਾਰ ਦੀ ਭਿਆਨਕ ਤੇਜ਼ੀ ’ਚ ਥੋੜ੍ਹਾ ਜਿਹਾ ਹੀ ਕਤਾਈ ਮਿਲਰ ਰੂੰ ਨੂੰ ਹੱਥ ਪਾ ਰਹੇ ਹਨ। ਦੇਸ਼ ’ਚ ਅੱਜਕੱਲ ਕਪਾਹ ਦੀ ਆਮਦ ਕਾਫ਼ੀ ਕਮਜ਼ੋਰ ਪੈ ਗਈ ਹੈ, ਜੋ 21000-25000 ਗੰਢਾਂ ਰਹਿ ਗਈਆਂ ਹਨ, ਜਿਸ ਨਾਲ ਟੈਕਸਟਾਈਲ ਉਦਯੋਗ ਤੇ ਕਤਾਈ ਮਿੱਲਾਂ ’ਚ ਚਿੰਤਤ ਹੋਣਾ ਸੁਭਾਵਿਕ ਗੱਲ ਹੈ।


Harinder Kaur

Content Editor

Related News